ਤਿੰਨ ਤਿੰਨ ਦਿਨਾਂ ਤੋਂ ਮੰਡੀਆਂ ‘ਚ ਰੁਲ ਰਹੇ ਹਨ ਕਿਸਾਨ – ਭੁਪਿੰਦਰ ਲੌਂਗੋਵਾਲ
ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਰਤੀ ਕਿਸਾਨ ਯੂਨੀਅਨ ਵਲੋਂ ਅਨਾਜ ਮੰਡੀ ਲੌਂਗੋਵਾਲ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਤੋਂ
ਮੰਗ ਕੀਤੀ ਗਈ ਕਿ ਤਿੰਨ ਤਿੰਨ ਦਿਨਾਂ ਤੋਂ ਮੰਡੀਆਂ ‘ਚ ਰੁਲ ਰਹੇ ਕਿਸਾਨਾਂ ਦੀ ਕਣਕ ਦੀ ਖਰੀਦ ਕੀਤੀ ਜਾਵੇ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅਨਾਜ ਮੰਡੀ ਲੌਂਗੋਵਾਲ ਵਿੱਚ ਪਨਸਪ ਅਤੇ ਐਫ.ਸੀ.ਆਈ ਦੋ ਖਰੀਦ ਏਜੰਸੀਆਂ ਹਨ। ਐਫ.ਸੀ.ਆਈ ਵਲੋਂ ਹਾਲੇ ਤੱਕ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਗਈ।ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਜੋ ਕੱਲ੍ਹ ਦੋ ਚਾਰ ਢੇਰੀਆਂ ਦੀ ਬੋਲੀ ਲਾਈ ਗਈ ਹੈ, ਉਨ੍ਹਾਂ ਦਾ ਬਾਰਦਾਨਾ ਨਾ ਪਹੁੰਚਣ ਕਰਕੇ ਉਹ ਵੀ ਇੱਥੇ ਹੀ ਰੁਲ ਰਹੇ ਹਨ।ਜੋ ਕਿਸਾਨ ਇੱਕ ਇੱਕ ਟਰਾਲੀ ਕਣਕ ਦੀ ਮੰਡੀ ਵਿੱਚ ਲੈ ਕੇ ਆਏ ਨੇ ਬਾਕੀ ਕਣਕ ਘਰਾਂ ਵਿੱਚ ਪਈ ਹੈ, ਉਨਾਂ ਕਿਸਾਨਾਂ ਨੂੰ ਇਹ ਫਿਕਰ ਸਤਾ ਰਿਹਾ ਹੈ ਕਿ ਜੇ ਇੱਕ ਟਰਾਲੀ ਵੇਚਣ ਲਈ ਤਿੰਨ ਦਿਨ ਮੰਡੀ ‘ਚ ਬੈਠਣਾ ਪਵੇਗਾ ਤਾਂ ਉਨ੍ਹਾਂ ਦੇ ਖੇਤ ਵਿੱਚ ਜੋ ਪਸ਼ੂਆਂ ਲਈ ਤੂੜੀ ਬਣਾਉਣੀ ਹੈ ਉਹ ਕਦੋਂ ਬਣੇਗੀ, ਉਪਰੋਂ ਮੌਸਮ ਲਗਾਤਾਰ ਖਰਾਬ ਹੋ ਰਿਹਾ ਹੈ।
ਸਰਕਾਰ ਦੇ ਮਾੜੇ ਖ਼ਰੀਦ ਪ੍ਰਬੰਧ ਕਾਰਨ ਕਿਸਾਨ ਖੱਜ਼ਲ ਹੋ ਰਹੇ ਨੇ ਤੇ ਮੰਡੀਆਂ ‘ਚ ਭੀੜ ਵਧ ਰਹੀ ਹੈ।ਜਿਸ ਕਾਰਨ ਕਰੋਨਾ ਮਹਾਮਾਰੀ ਕਿਸਾਨਾਂ ਵਿੱਚ ਫੈਲਣ ਦਾ ਵੀ ਖਤਰਾ ਵਧ ਸਕਦਾ ਹੈ।ਕਿਸਾਨ ਆਗੂ ਨੇ ਮੰਗ ਕੀਤੀ ਕਿ ਇਸ ਇੱਕ ਇੱਕ ਟਰਾਲੀ ਲਿਆਉਣ ਵਾਲੇ ਖ਼ਰੀਦ ਸਿਸਟਮ ਦੀ ਬਜ਼ਾਏ ਧਰਮ ਕੰਡੇ ‘ਤੇ ਟਰਾਲੀ ਤੋਲ ਕੇ ਕਿਸਾਨ ਨੂੰ ਜੇ ਫਾਰਮ ਦੇ ਕੇ ਸਿੱਧੀ ਕਣਕ ਮੰਡੀ ਵਿੱਚ ਡੰਪ ਕਰਾਈ ਜਾਵੇ।ਇਸ ਨਾਲ ਮੰਡੀ ਵਿੱਚ ਭੀੜ ਵੀ ਨਹੀਂ ਹੋਵੇਗੀ ਅਤੇ ਕਿਸਾਨ ਵੀ ਜਲਦੀ ਵਿਹਲੇ ਹੋਣਗੇ।ਆਗੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰੋਸ ਪ੍ਰਗਟ ਕਰਨ ਲਈ ਆਪਣੇ ਟ੍ਰੈਕਟਰਾਂ, ਕੰਬਾਈਨਾਂ, ਘਰਾਂ ਤੇ ਕਾਲੇ ਝੰਡੇ ਲਾਉਣ ਆਪਣੇ ਮੂੰਹ, ਸਿਰ ‘ਤੇ ਕਾਲੇ ਕੱਪੜੇ ਬੰਨ੍ਹਣ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ, ਜੱਗਰ ਸਿੰਘ ਤੇ ਬੁੱਗਰ ਸਿੰਘ ਸਤੀਪੁਰਾ, ਅੰਮ੍ਰਿਤ ਸਿੰਘ ਨੇ ਪ੍ਰਸਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਮਜਬੂਰਨ ਮੰਡੀ ਵਿੱਚ ਭੁੱਖ ਹੜਤਾਲ ਕਰਕੇ ਬੈਠਣਾ ਪਵੇਗਾ।
Punjab Post Daily Online Newspaper & Print Media