ਖੇਤੀਬਾੜੀ ਵਿਭਾਗ ਨੇ ਝੋਨੇ ਹੋਠੋਂ ਰਕਬਾ ਘੱਟ ਕਰਨ ਦੀ ਯੋਜਨਾ ਉਲੀਕੀ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਖੇਤੀਬਾੜੀ ਵਿਭਾਗ ਨੇ ਜਿਲ੍ਹੇ ਵਿਚ ਝੋਨੇ ਹੇਠੋਂ ਰਕਬਾ ਘੱਟ ਕਰਕੇ ਮੱਕੀ ਅਤੇ ਬਾਸਮਤੀ ਹੇਠ ਰਕਬਾ
ਵਧਾਉਣ ਦੀ ਯੋਜਨਾ ਉਲੀਕੀ ਹੈ, ਤਾਂ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ।ਜਿਲ੍ਹਾ ਖੇਤੀਬਾੜੀ ਅਧਿਕਾਰੀ ਹਰਿੰਦਰਜੀਤ ਸਿੰਘ ਨੇ ਉਕਤ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕੋਸ਼ਿਸ਼ ਹੈ ਕਿ ਹਾਈਬ੍ਰਿਡ ਮੱਕੀ, ਸੋਇਆਬੀਨ, ਸਬਜ਼ੀਆਂ, ਤੇਲ ਬੀਜ਼ ਅਤੇ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ।ਲੇਬਰ ਦਾ ਸੰਕਟ ਰਹਿਣ ਕਾਰਨ ਝੋਨੇ ਦੀ ਸਿੱਧੀ ਬਿਜਾਈ ਲਈ ਵੀ ਕਿਸਾਨਾਂ ਨੂੰ ਪ੍ਰੇਰਿਆ ਜਾਵੇਗਾ, ਜਿਸ ਨਾਲ ਪਾਣੀ ਤੇ ਲਾਗਤ ਦੋਵੇਂ ਬਚਦੇ ਹਨ।ਇਸੇ ਤਰਾਂ ਬਾਸਮਤੀ 1121 ਅਤੇ 1501 ਦੀ ਸਿੱਧੀ ਬਿਜ਼ਾਈ ਲਈ ਕਿਸਾਨਾਂ ਨੂੰ ਤਿਆਰ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਿਲ੍ਹੇ ਦੇ 2.16 ਲੱਖ ਹੈਕਟੇਅਰ ਵਾਹੀਯੋਗ ਰਕਬੇ ਵਿਚੋਂ 1,44000 ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਹੇਠ ਹੋਵੇ।ਇਸੇ ਤਰਾਂ ਝੋਨੇ ਹੇਠੋਂ ਰਕਬਾ ਘੱਟ ਕਰਕੇ ਹਾਈਬ੍ਰਿਡ ਮੱਕੀ ਅਤੇ ਸਾਈਲਜ਼ ਮੱਕੀ ਹੇਠ 6000 ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਵੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਕੋਂ ਬਾਅਦ ਹਰੀ ਖਾਦ ਲਈ ਖੇਤਾਂ ਵਿੱਚ ਢਾਂਚਾ ਜਾਂ ਮੂੰਗੀ ਦੀ ਕਾਸ਼ਤ ਯਕੀਨੀ ਬਣਾਉ ਤਾਂ ਕਿ ਖੇਤ ਵਿਚ ਨਾਈਟਰੋਜ਼ਨ ਦਾ ਕੁਦਰਤੀ ਤੌਰ ਉਤੇ ਪੱਧਰ ਵੱਧ ਸਕੇ, ਜਿਸ ਨਾਲ ਰਸਾਇਣਕ ਖਾਦ ਦੀ ਲੋੜ ਵੀ ਘੱਟ ਜਾਵੇਗੀ।
Punjab Post Daily Online Newspaper & Print Media