ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕੋਵਿਡ-19 ਵਰਗੀ ਮਹਾਮਾਰੀ ਤੋਂ ਬਚਾਉਣ ਲਈ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ 
ਕਰਮਚਾਰੀਆਂ ਦੀਆਂ ਟੀਮਾਂ ਵਲੋਂ ਗੁਰੂ ਨਗਰੀ ਦੇ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਹਨਾਂ ਨੂੰ ਘਰ ਵਿੱਚ ਹੀ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਗਲੀਆਂ ਤੇ ਮੁਹੱਲਿਆਂ ਦੀ ਸੈਨੇਟਾਈੲਜੇਸ਼ਨ ਜੰਗੀ ਪੱਧਰ ‘ਤੇ ਜਾਰੀ ਹੈ।ਜਦਕਿ ਇਕਾਂਤਵਾਸ ਕੀਤੇ ਇਲਾਕਿਆਂ ਵਿਚ ਸਕਰੀਨਿੰਗ ਅਤੇ 20 ਸੈਕਟਰ ਮੈਜਿਸਟ੍ਰੇਟ ਲਗਾ ਕੇ ਰੈਪਿਡ ਰਿਸਪਾਂਸ ਟੀਮਾਂ ਦੀ ਮਦਦ ਨਾਲ ਮੈਡੀਕਲ ਚੈਕਅੱਪ ਸ਼ੁਰੂ ਕਰਵਾਇਆ ਗਿਆ ਹੈ।
ਮੇਅਰ ਨੇ ਦੱਸਿਆ ਕਿ ਇਸੇ ਸਕਰੀਨਿੰਗ ਦੌਰਾਨ ਜੋੜਾ ਫਾਟਕ ਨੇੜਲੇ ਕ੍ਰਿਸ਼ਨਾ ਨਗਰ ਅਮਰਕੋਟ ਦੀ ਗਲੀ ਨੰ. 2 ਦੇ ਇਲਾਕੇ ਵਿਚ ਦੋ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਇਹਨਾਂ ਟੀਮਾਂ ਨੂੰ ਮਿਲੇ ਹਨ।ਜਿਨ੍ਹਾਂ ਨੂੰ ਫੋਰੀ ਤੌਰ ‘ਤੇ ਇਲਾਜ਼ ਲਈ ਭੇਜਿਆ ਗਿਆ ਹੈ ਅਤੇ ਸਾਰਾ ਇਲਾਕਾ ਮੁੜ ਤੋਂ ਸੈਨੇਟਾਇਜ਼ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸਮੁੱਚੇ ਇਲਾਕੇ ਵਿੱਚ ਦੋਬਾਰਾ ਮਸ਼ੀਨਾਂ ਰਾਹੀਂ ਅਤੇ ਘਰ-ਘਰ ਜਾ ਕੇ ਸਪਰੇਅ ਕਰਵਾਈ ਜਾ ਰਹੀ ਹੈ।ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਕਈ ਸਮਾਜ ਸੇਵਾ ਸੰਸਥਾਵਾਂ ਅਤੇ ਸਮਾਜ ਦੇ ਸਮਰੱਥ ਲੋਕਾਂ ਵੱਲੋਂ ਵੀ ਇਸ ਔਖੀ ਘੜੀ ਵਿਚ ਸਮਾਜ ਦਾ ਸਾਥ ਦਿੰਦੇ ਹੋਏ ਰਾਸ਼ਨ, ਦਵਾਈਆਂ, ਪੀ.ਪੀ.ਈ.ਕਿੱਟਾਂ, ਦਸਤਾਨੇ ਆਦਿ ਦੀ ਜੋ ਵੀ ਮਦਦ ਹੋ ਸਕਦੀ ਹੈ ਕੀਤੀ ਜਾ ਰਹੀ ਹੈ।
Punjab Post Daily Online Newspaper & Print Media