Saturday, April 18, 2026

`ਹੌਟ ਸਪਾਟ` ਇਲਾਕਿਆਂ ਵਿੱਚ ਡੈਂਟਲ ਡਾਕਟਰ ਲੈ ਰਹੇ ਹਨ ਸ਼ੱਕੀ ਮਰੀਜ਼ਾਂ ਦੇ ਨਮੂਨੇ

ਜਿਲੇ ਭਰ ਵਿੱਚ 25 ਡਾਕਟਰ ਕੋਰੋਨਾ ਵਿਰੁੱਧ ਮੋਰਚੇ ਉਤੇ ਡਟੇ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੰਦਾਂ ਦੇ ਡਾਕਟਰ ਜਿਲੇ ਭਰ ਵਿਚ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਪਹਿਲੇ ਮੋਰਚੇ ਉਤੇ Corona Virusਡਟੇ ਹੋਏ ਹਨ ਅਤੇ ਉਨਾਂ ਵਲੋਂ ਕੀਤੇ ਗਏ ਕੰਮ ਤੋਂ ਹੀ ਇਸ ਬਿਮਾਰੀ ਦਾ ਇਲਾਜ ਸ਼ੁਰੂ ਹੁੰਦਾ ਹੈ, ਕਿਉਂਕਿ ਪਹਿਲਾਂ ਟੈਸਟ ਜੋ ਕਿ ਸ਼ੱਕੀ ਮਰੀਜ਼ ਦੇ ਗਲੇ ਜਾਂ ਨੱਕ ਵਿਚੋਂ ਲਿਆ ਜਾਂਦਾ ਹੈ, ਇਨਾਂ ਡਾਕਟਰਾਂ ਵਲੋਂ ਹੀ ਲਿਆ ਜਾਂਦਾ ਹੈ।
             ਇਹ ਪ੍ਰਗਟਾਵਾ ਕਰਦੇ ਡਿਪਟੀ ਡਾਇਰੈਕਟਰ ਡੈਂਟਲ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਰੇ ਜਿਲੇ ਵਿਚ ਉਨਾਂ ਦੇ ਵਿਭਾਗ ਦੇ 25 ਡਾਕਟਰ ਤੇ ਪੈਰਾ ਮੈਡੀਕਲ ਸਟਾਫ ਕੋਵਿਡ 19 ਟੈਸਟ ਲਈ ਨਮੂਨੇ ਲੈਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਸ ਵੀ ਇਲਾਕੇ ਵਿਚ ਕੋਵਿਡ 19 ਦਾ ਮਰੀਜ਼ ਮਿਲਦਾ ਹੈ, ਉਥੇ ਵੀ ਸਾਡੀ ਟੀਮ ਜਾ ਕੇ ਇਲਾਕਾ ਵਾਸੀਆਂ ਦੇ ਨਮੂਨੇ ਲੈਂਦੀ ਹੈ, ਜੋ ਕਿ ਕਠਿਨ ਮਿਹਨਤ ਤੇ ਜੋਖਮ ਵਾਲਾ ਕੰਮ ਹੈ। ਉਨਾਂ ਦੱਸਿਆ ਕਿ ਕੱਲ ਕ੍ਰਿਸ਼ਨਾ ਨਗਰ ਦੇ ਇਲਾਕੇ, ਜਿਥੇ ਕਿ 2 ਮਰੀਜ਼ ਮਿਲੇ ਸਨ, ਵਿਚ ਮੈਂ ਆਪਣੇ ਦੋ ਡਾਕਟਰਾਂ ਡਾ. ਸ਼ੌਰਭ ਜੌਲੀ ਅਤੇ ਡਾ. ਸਿਮਰਨਜੀਤ ਸਿੰਘ ਨਾਲ ਮੌਕੇ ਉਤੇ ਜਾ ਕੇ ਇਕ ਪਾਰਕ ਵਿਚ ਸਾਰੇ ਲੋਕਾਂ ਨੂੰ ਬੁਲਾ ਕੇ ਸਾਢੇ ਤਿੰਨ ਘੰਟਿਆਂ ਵਿਚ 236 ਨਮੂਨੇ ਲਏ।ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਥਾਵਾਂ ਉਤੇ ਹਲਾਤ ਇਹ ਹੁੰਦੇ ਹਨ ਕਿ ਨਾ ਤਾਂ ਬੈਠਣ ਨੂੰ ਕੋਈ ਕੁਰਸੀ ਹੁੰਦੀ ਹੈ ਅਤੇ ਨਾ ਹੀ ਪੱਖਾ। ਉਨਾਂ ਦੱਸਿਆ ਕਿ ਭਰ ਗਰਮੀ ਵਿਚ ਸਾਡੀ ਟੀਮ ਨੇ ਪੀ.ਪੀ.ਈ ਕਿੱਟਾਂ ਪਾ ਕੇ ਲਗਾਤਾਰ ਕੰਮ ਕਰਕੇ ਲੋਕਾਂ ਨੂੰ ਇਕ ਪਾਰਕ ਵਿਚ ਸੱਦ ਕੇ ਇਹ ਨਮੂਨੇ ਲਏ, ਜੋ ਕਿ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ ਇਸ ਰਿਪੋਰਟ ਤੋਂ ਬਾਅਦ ਹੀ ਇਲਾਜ ਲਈ ਗੱਲ ਚੱਲਣੀ ਹੈ।
ਇਸ ਮੌਕੇ ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ ਡਾ. ਜੀਵਨ ਲਤਾ ਨੇ ਦੱਸਿਆ ਕਿ ਦੰਦਾਂ ਦਾ ਇਲਾਜ ਮੂੰਹ ਖੋਲ੍ਹ ਕੇ ਹੀ ਕੀਤਾ ਜਾ ਸਕਦਾ ਹੈ, ਜੋ ਕਿ ਇੰਨਾਂ ਹਲਾਤਾਂ ਵਿਚ ਸੰਭਵ ਨਹੀਂ, ਸੋ ਸਾਡੇ ਸਾਰੇ ਡਾਕਟਰ ਕੋਵਿਡ 19 ਵਿਰੁੱਧ ਨਮੂਨੇ ਲੈਣ ਤੋਂ ਲੈ ਕੇ ਆਈਸੋਲੇਸ਼ਨ ਵਾਰਡ ਤੱਕ ਸਾਡੇ ਡਾਕਟਰ ਕੰਮ ਕਰ ਰਹੇ ਹਨ।ਵਿਭਾਗ ਦੇ ਐਸੋਸੀਏਸਟ ਪ੍ਰੋਫੈਸਰ ਡਾ. ਨਿਤਿਨ ਵਰਮਾ ਨੇ ਵੀ ਦੰਦਾਂ ਦੇ ਸਰਜਨ ਅਤੇ ਡਾਕਟਰਾਂ ਵਲੋਂ ਇਸ ਮੌਕੇ ਦੇਸ਼ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਭਾਗ ਦੇ ਡਾਕਟਰ ਕੋਵਿਡ 19 ਵਿਰੱਧ ਮੈਦਾਨ ਵਿਚ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …