ਈ-ਕੋਰਟਾਂ ਦੀ ਸਾਰਥਕਤਾ ਤੇ ਸਮੁੱਚੀ ਪ੍ਰਣਾਲੀ ਦਾ ਡਿਜੀਟਲਾਈਜੇਸ਼ਨ ਸਮੇਂ ਦੀ ਲੋੜ
ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) -ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਜੀਵਨ ਦੀ ਦੌੜ ਨੂੰ ਵਿਰਾਮ ਦਿੱਤੇ ਹੋਏ ਵਿਰਾਮ
ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਲਾਈਨ ਸਰੋਤਾਂ ਦਾ ਲਾਭ ਉਠਾਉਂਦੇ ਹੋਏ ਸੂਚਨਾ ਤੇ ਗਿਆਨ ਦੀ ਦਿਸ਼ਾ ਵਿਚ ਆਨਲਾਈਨ ਵੈਬੀਨਾਰ ਅਤੇ ਭਾਸ਼ਣਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਨੇ ਵਿਦਿਆਰਥੀਆਂ, ਫੈਕਲਟੀ ਅਤੇ ਕਾਨੂੰਨੀ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ।ਇਸ ਵੈਬੀਨਾਰ ਦਾ ਵਿਸ਼ਾ “ਆਨਲਾਈਨ ਯੁੱਗ ਵਿਚ ਕਾਨੂੰਨੀ ਅਭਿਆਸ ਦੀ ਬਰੀਕੀਆਂ” ਸੀ ਜਿਸ ਵਿਚ ਭਾਗ ਲੈਣ ਵਾਲਿਆਂ ਨੇ ਕਾਨੂੰਨ ਦੇ ਖੇਤਰ ਵਿਚ ਪ੍ਰੈਕਟਿਸ ਮੌਕੇ ਧਿਆਨਯੋਗ ਬਾਰੀਕੀਆਂ ਬਾਰੇ ਨੁਕਤੇ ਸਾਂਝੇ ਕੀਤੇ।
ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ, ਡਾ. ਬਿਮਲਦੀਪ ਸਿੰਘ ਨੇ ਪਹਿਲੇ ਸੈਸ਼ਨ ਦਾ ਸੰਚਾਲਨ ਕੀਤਾ।ਉਨ੍ਹਾਂ ਵੈਬੀਨਾਰ ਦੇ ਥੀਮ ਸੰਬੰਧੀ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਜਿਸ ਵਿਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵਿਚਾਲੇ ਗੱਲਬਾਤ ਲਈ ਡਿਜੀਟਲ ਪਲੇਟਫਾਰਮ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਦਾ ਮੁੱਖ ਨੁਕਤਾ ਇਹ ਸੀ ਕਿ ਮੌਜੂਦਾ ਸਮੇਂ ਦੀ ਹਕੀਕਤ ਇਹ ਹੈ ਕਿ ਸਾਨੂੰ ਇਸ ਨੂੰ ਹਾਂ ਪੱਖੀ ਸਵਿਕਾਰ ਕਰਦੇ ਹੋਏ ਇਸ ਨਾਲ ਜੂਝ ਕੇ ਮੌਜੂਦਾ ਸਮੇਂ ਦੇ ਸਰੋਤਾਂ ਦੀ ਵਰਤੋਂ ਨਾਲ ਅੱਗੇ ਵਧਣਾ ਚਾਹੀਦਾ ਹੈ।ਉਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਇਸ ਮੁਸੀਬਤ ਭਰੇ ਸਮੇਂ ਦੌਰਾਨ ਵੀ ਆਪਣੇ ਘਰਾਂ ਵਿੱਚ ਸੁਰੱਖਿਅਤ ਹਾਂ।
ਕਾਨੂੰਨ ਫੈਕਲਟੀ ਦੇ ਡੀਨ ਰਾਜੀਵ ਭੱਲਾ ਨੇ ਅਜੋਕੇ ਹਾਲਾਤਾਂ ਵਿੱਚ ਈ-ਕੋਰਟਾਂ ਦੀ ਸਾਰਥਕਤਾ ਅਤੇ ਸਮੁੱਚੀ ਪ੍ਰਣਾਲੀ ਦੇ ਡਿਜੀਟਲਾਈਜੇਸ਼ਨ ਬਾਰੇ ਵਿਸਥਾਰ ਵਿੱਚ ਦੱਸਿਆ।ਜਸਟਿਸ ਭੱਲਾ ਨੇ ਲਾਅ ਕੋਰਟ ਕਮਰਿਆਂ ਦੇ ਬਦਲਦੇ ਦ੍ਰਿਸ਼ ਅਤੇ ਆਪਣੇ ਵਕੀਲਾਂ ਅਤੇ ਮੁਕੱਦਮੇਬਾਜ਼ਾਂ ‘ਤੇ ਪੈਂਦੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ।ਉਨਾਂ ਦੱਸਿਆ ਕਿ ਲੌਕਡਾਊਨ ਦੇ ਇਸ ਸਮੇਂ ਵਿਚ ਅਸੀਂ ਆਪਣੇ ਘਰਾਂ ਵਿਚ ਬੈਠ ਕੇ ਕਿਸ ਤਰ੍ਹਾਂ ਦੇ ਕੇਸਾਂ ਬਾਰੇ ਬਹਿਸ ਕਰ ਸਕਦੇ ਹਾਂ।
ਵੈਬੀਨਾਰ ਵਿੱਚ ਵਿਦਿਆਰਥੀਆਂ, ਅਧਿਆਪਕ ਅਤੇ ਪ੍ਰਿੰਸੀਪਲਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਡਾ. ਡੀ.ਆਰ ਗੁਲਾਟੀ ਅਤੇ ਡਾ. ਜਸਪਾਲ ਸਿੰਘ ਹਾਜ਼ਰ ਸਨ।ਇਸ ਤੋਂ ਪਹਿਲਾਂ ਕਾਨੂੰਨ ਵਿਭਾਗ ਵਲੋਂ ਹੀ ` ਮੁਕਦਮਾ, ਪਟੀਸ਼ਨ ਅਤੇ ਰਿਟ` ਸਬੰਧੀ ਵਿਸ਼ੇਸ਼ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦਾ ਸੰਚਾਲਨ ਵੀ ਡਾ. ਬਿਮਲਦੀਪ ਸਿੰਘ ਨੇ ਕੀਤਾ। ਇਸ ਮੌਕੇ ਜਸਟਿਸ ਰਾਜੀਵ ਭੱਲਾ ਨੇ ਕਾਨੂੰਨ ਵਿਵਸਥਾ ਦੇ ਵਿਵਹਾਰਕ ਪੱਖ ਨੂੰ ਵਿਸਥਾਰ ਵਿਚ ਦੱਸਿਆ।
Punjab Post Daily Online Newspaper & Print Media