ਲੌਂਗੋਵਾਲ, 29 ਅਪ੍ਰੈਲ – (ਪੰਜਾਬ ਪੋਸਟ – ਜਗਸੀਰ ਸਿੰਘ) – ਸੰਗਰੂਰ ਜ਼ਿਲੇ ’ਚ ਕੋਵਿਡ-19 ਦੀ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ
ਸਮੀਖਿਆ ਲਈ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ ਵਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ।ਤਿਵਾੜੀ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ ਅਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਵੱਖ-ਵੱਖ ਥਾਵਾਂ ਤੋਂ ਜ਼ਿਲੇ ’ਚ ਪਰਤ ਰਹੇ ਲੋਕਾਂ ਦੀ ਕੀਤੀ ਜਾ ਰਹੀ ਸੈਂਪਲਿੰਗ ਦਾ ਵੀ ਜਾਇਜ਼ਾ ਲਿਆ ਅਤੇੇ ਉਹ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਤੇ ਫਲੂ ਜਾਂਚ ਕੇਂਦਰ ਵੀ ਗਏ।
ਅਨਿਰੁਧ ਤਿਵਾੜੀ ਨੇ ਦੱਸਿਆ ਕਿ ਪੰਜਾਬ ’ਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ 800 ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ।ਜਿਥੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਘੱਟ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਕੂਲ ਦੇ ਮੁੰਡਿਆਂ ਅਤੇ ਕੁੜੀਆਂ ਦੇ ਹੋਸਟਲਾਂ ’ਚ ਬੈਡ ਲਗਾਉਣ ਵੇਲੇ ਇੱਕ-ਦੂਸਰੇ ਤੋਂ ਢੱਕਵੀਂ ਦੂਰੀ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ ।
ਤਿਵਾੜੀ ਨੇ ਕਿਹਾ ਕਿ ਜ਼ਿਲੇ ਅੰਦਰ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਦੇ ਘਰ ਜਾਂ ਇਲਾਕੇ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਸੂਚਨਾ ਤੁਰੰਤ ਜ਼ਿਲਾ ਪ੍ਰਸ਼ਾਸਨ ਤੱਕ ਪੁੱਜਦੀ ਕਰਨ ਤਾਂ ਜੋ ਸਮਾਂ ਰਹਿੰਦੇ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਪ੍ਰਭਾਵਿਤ ਇਲਾਕਿਆਂ ’ਚੋਂ ਸੰਗਰੂਰ ਜ਼ਿਲੇ ‘ਚ ਦਾਖ਼ਲ ਹੋਣ ਵਾਲੇ ਲੋਕਾਂ ਦੇ ਲਗਾਤਾਰ ਟੈਸਟ ਕੀਤੇ ਜਾ ਰਹੇ ਹਨ।ਇਸ ਕੰਮ ਲਈ 13 ਨਾਕੇ ਲਗਾ ਕੇ ਲੋੜੀਂਦੇ ਉਪਕਰਣਾਂ ਸਮੇਤ ਮੈਡੀਕਲ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ।
ਇਸ ਮੌਕੇ ਐਸ.ਐਸ.ਪੀ. ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ, ਜ਼ਿਲਾ ਮਾਲ ਅਫ਼ਸਰ ਗਗਨਦੀਪ ਸਿੰਘ, ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਐਕਸੀਅਨ ਵਿਪਿਨ ਬਾਂਸਲ ਵੀ ਹਾਜ਼ਰ ਸਨ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media