ਲੌਂਗੋਵਾਲ, 1 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਇਕਾਂਤਵਾਸ ਰੱਖਣ ਲਈ ਸ਼੍ਰੋਮਣੀ ਕਮੇਟੀ
ਵਲੋਂ ਗੁਰਦੁਆਰਿਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ।ਰਿਹਾਇਸ਼ ਲਈ ਸਰਾਂਵਾਂ ਤਿਆਰ ਹਨ ਅਤੇ ਲੰਗਰ ਵਿਵਸਥਾ ਵੀ ਕੀਤੀ ਗਈ ਹੈ।ਇਸ ਸਬੰਧ ਵਿਚ ਸਾਰੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਹੈ ਅਤੇ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।ਲੌਂਗੋਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੁੱਝ ਲੋਕ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਤੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬਾਨ ਵਿੱਚ ਰੱਖੇ ਗਏ ਹਨ।ਲੌਂਗੋਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਰਧਾਲੂਆਂ ਨੂੰ ਨਿੱਜੀ ਡੇਰਿਆਂ ਵਿਚ ਭੇਜਣ ਦੀ ਥਾਂ ਗੁਰੂ ਘਰਾਂ ਵਿਚ ਰੱਖਿਆ ਜਾਵੇ।ਉਨ੍ਹਾਂ ਕਿਹਾ ਸਰਾਵਾਂ ਨੂੰ ਆਵਾਜਾਈ ਮੁਕਤ ਰੱਖਿਆ ਜਾਵੇਗਾ ਅਤੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਲੋੜੀਂਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਦੇਵੇਗੀ।ਉਨਾਂ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਲਈ ਸਭ ਯਤਨ ਸਵਾਗਤਯੋਗ ਹਨ ਅਤੇ ਇਨ੍ਹਾਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਸਾਂਝੇ ਯਤਨਾ ਦੀ ਲੋੜ ਹੈ।ਕੁੱਝ ਸ਼ਰਧਾਲੂਆਂ ਦੇ ਕੋਰੋਨਾ ਪੀੜਤ ਪਾਏ ਜਾਣ ’ਤੇ ਨਕਾਰਾਤਮਿਕ ਟਿੱਪਣੀਆਂ ਨੂੰ ਵੀ ਲੌਂਗੋਵਾਲ ਨੇ ਮੰਦਭਾਗਾ ਆਖਿਆ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬੇਗਾਨਗੀ ਵਾਲਾ ਅਹਿਸਾਸ ਨਾ ਕਰਵਾਇਆ ਜਾਵੇ, ਸਗੋਂ ਬੀਮਾਰੀ ਦੀ ਲਪੇਟ ਵਿਚ ਆਏ ਹਰ ਵਿਅਕਤੀ ਦਾ ਹੌਸਲਾ ਵਧਾਇਆ ਜਾਵੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media