Wednesday, April 15, 2026

ਜਿਲ੍ਹਾ ਸੰਗਰੂਰ ਨੂੰ ਵੀ ਆਪਣੀ ਜਕੜ ‘ਚ ਲੈ ਰਿਹਾ ਕਰੋਨਾ

ਸੰਗਰੂਰ, 5 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਨੇ ਹੁਣ ਜ਼ਿਲ੍ਹਾ ਸੰਗਰੂਰ ਨੂੰ ਵਿੱਚ ਵੀ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਜਿਲ੍ਹੇ ਨਾਲ Corona Virusਸਬੰਧਤ ਪੰਜਾਬ ਤੋਂ ਬਾਹਰੋਂ ਪਰਤੇ ਲੋਕਾਂ ਦੇ ਲਏ ਨਮੂਨਿਆਂ ਵਿਚੋਂ ਕੱਲ 48 ਹੋਰ ਲੋਕਾਂ ਦੀ ਕਰੋਨਾ ਟੈਸਟ ਰਿਪੋਟ ਪਾਜ਼ਟਿਵ ਆਉਣ ਨਾਲ ਹੁਣ ਜਿਲ੍ਹੇ ਵਿਚ ਕੋਵਿਡ 19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 60 ਹੋ ਗਈ ਹੈ।ਇਹਨਾਂ ਦੀ ਰਿਪੋਰਟ ਬੀਤੀ ਦੇਰ ਰਾਤ ਪ੍ਰਾਪਤ ਹੋਈ ਹੈ ਅਤੇ ਇਹਨਾਂ ਨੂੰ ਇਕਾਂਤਵਾਸ ਕੇਂਦਰ ਤੋਂ ਹੁਣ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ।
                ਸਰਕਾਰੀ ਤੌਰ ‘ਤੇ ਹਾਲੇ ਤੱਕ ਕੋਈ ਜਾਣਕਾਰੀ ਮੁਹੱਈਆਂ ਨਹੀਂ ਕਰਵਾਈ ਗਈ ਹੈ।ਪ੍ਰੰਤੂ ਸੋਸਲ ਮੀਡੀਆ ‘ਤੇ 154 ਵਿਅਕਤੀਆਂ ਦੀ ਰਿਪੋਰਟ ਨਸ਼ਰ ਹੋ ਰਹੀ ਹੈ, ਜੋ ਸਰਕਾਰੀ ਕਾਲਜ ਪਟਿਆਲਾ ਤੋਂ ਜਾਰੀ ਹੋਈ ਹੈ।ਇਸ ਮੁਤਾਬਿਕ ਇਹ ਉਹਨਾਂ ਸੈਪਲਾਂ ਦੇ ਨਤੀਜੇ ਹਨ ਜੋ 3 ਮਈ ਨੂੰ ਟੈਸਟਿੰਗ ਲਈ ਸਰਕਾਰੀ ਕਾਲਜ ਵਿਚ ਭੇਜੇ ਗਏ ਸਨ। ਰਿਪੋਰਟ ਮੁਤਾਬਿਕ ਇਹਨਾਂ 70 ਵਿਅਕਤੀਆਂ ਵਿੱਚ ਔਰਤਾਂ ਵੀ ਸ਼ਾਮਲ ਹਨ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ। ਉਨਾਂ ਦੇ ਨਮੂਨੇ ਨੈਗਟਿਵ ਦੱਸੇ ਜਾਂਦੇ ਹਨ ਅਤੇ ਸਾਰੇ ਵਿਅਕਤੀ ਜਿਲ੍ਹੇ ਦੇ ਵੱਖ ਵੱਖ ਇਕਾਂਤਵਾਸ ਸੈਂਟਰਾਂ ਵਿੱਚ ਸਰਕਾਰੀ ਨਿਗਰਾਨੀ ਹੇਠ ਹਨ।
             ਰਿਪੋਰਟ ਮੁਤਾਬਿਕ 31 ਵਿਅਕਤੀਆਂ ਦੇ ਲਏ ਨਮੂਨੇ ਮੁੜ 48 ਘੰਟੇ ਬਾਅਦ ਟੈਸਟਿੰਗ ਲਈ ਭੇਜੇ ਜਾਣੇ ਹਨ, ਉਹਨਾਂ ਦੀ ਮੁੜ ਟੈਸਟਿੰਗ ਕੀਤੀ ਜਾਵੇਗੀ।ਜਿਲ੍ਹਾ ਲੋਕ ਸੰਪਰਕ ਅਧਿਕਾਰੀ ਅਮਨਦੀਪ ਸਿੰਘ ਪੰਜਾਬੀ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਸੰਗਰੂਰ ਜਿਲ੍ਹੇ ਵਿਚ 4226 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ।ਜਿਲ੍ਹਾ ਅਧਿਕਾਰੀ ਮੁਤਾਬਿਕ ਇਹਨਾਂ ਵਿੱਚ 972 ਉਹ ਵਿਅਕਤੀ ਹਨ ਜੋ ਵਿਦੇਸ਼ ਯਾਤਰਾਂ ਜਾਂ ਵਿਦੇਸ਼ੋਂ ਆਏ ਹਨ।
               ਸਰਕਾਰੀ ਰਿਪੋਰਟ ਮੁਤਾਬਿਕ ਕੋਵਿਡ 19 ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਮੁਤਾਬਿਕ ਸੰਗਰੂਰ ਵਿਚ 13, ਭਵਾਨੀਗੜ੍ਹ ਵਿਚ 04, ਸੁਨਾਮ ਵਿਚ 07, ਲਹਿਰਾ ਵਿਚ 1, ਦਿੜ੍ਹਬਾ ਵਿਚ 02, ਮਨਕ ਵਿਚ 05, ਧੂਰੀ ਵਿਚ 21 ਮਲੇਰਕੋਟਲਾ ਵਿੱਚ 1 ਅਤੇ ਅਹਿਮਦਗੜ੍ਹ ਵਿਚ 6 ਕਨਫਰਮ ਕੇਸ ਪਾਏ ਗਏ ਹਨ। ਸਰਕਾਰੀ ਰਿਪੋਰਟ ਮੁਤਾਬਿਕ ਇਸ ਤੋਂ ਬਿਨ੍ਹਾਂ ਬੀਤੀ ਦੇਰ ਸ਼ਾਮ ਜਿਲ੍ਹੇ ਨਾਲ ਸਬੰਧਤ 70 ਦੇ ਕਰੀਬ ਲੋਕਾਂ ਦੀਆਂ ਨੈਗੇਟਿਗ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।ਉਹਨਾਂ ਨੇ ਦੱਸਿਆ ਕਿ ਹੁਣ ਤੱਕ ਮਹਾਰਾਸ਼ਟਰ ਤੋਂ ਪਰਤੇ ਯਾਤਰੀਆਂ ਦੇ ਲਏ ਨਮੂਨਿਆਂ ਦੀ ਰਿਪੋਰਟ ਦੇ ਨਤੀਜੇ ਵੀ ਪ੍ਰਾਪਤ ਹੋ ਚੁੱਕੇ ਹਨ।ਜਦਕਿ ਮਹਾਰਾਸ਼ਟਰ ਗਏ ਸਰਕਾਰੀ ਬੱਸਾਂ ਦੇ ਸਟਾਫ ਨੂੰ ਵੀ ਇਕਾਂਤਵਾਸ ਕੀਤਾ ਹੋਇਆ ਹੈ ਅਤੇ ਉਹਨਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾ ਰਹੇ ਹਨ।ਉਹਨਾਂ ਨੇ ਕਿਹਾ ਕਿ ਜਿਹਨਾਂ ਦੇ ਨਮੂਨੇ ਨੈਗੇਟਿਵ ਪ੍ਰਾਪਤ ਹੋਏ ਹਨ ਉਹਨਾਂ ਨੂੰ ਵੀ ਫਿਲਹਾਲ ਘਰ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਉਹ ਹਾਲੇ ਸਰਕਾਰੀ ਇਕਾਂਤਵਾਸ ਵਿਚ ਹੀ ਰਹਿਣਗੇ।ਇੰਨੇ ਲੋਕਾਂ ਦੇ ਪਾਜ਼ਟਿਵ ਆਉਣ ਨਾਲ ਜਿਲ੍ਹੇ ਦੇ ਲੋਕਾਂ ਅੰਦਰ ਵੀ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

Check Also

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 20 ਅਪ੍ਰੈਲ ਨੂੰ ਹੋਵੇਗੀ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ …