ਸਿਵਲ ਹਸਪਤਾਲ ਵਿਖੇ ਹੁਣ ਜ਼ੇਰੇ ਇਲਾਜ਼ ਹਨ 15 ਕੋਰੋਨਾ ਪਾਜ਼ਟਿਵ ਮਰੀਜ਼
ਭੀਖੀ/ਮਾਨਸਾ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਹੈ ਕਿ ਜ਼ਿਲ੍ਹੇ ‘ਚ ਇੱਕ ਹੋਰ ਕੋਰੋਨਾ
ਪਾਜ਼ਟਿਵ ਨੌਜਵਾਨ ਦੀ ਪੁਸ਼ਟੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬੁਰਜ ਰਾਠੀ ਪਿੰਡ ਦਾ ਇੱਕ 18 ਸਾਲਾ ਨੌਜਵਾਨ ਗੁੜਗਾਂਵ (ਹਰਿਆਣਾ) ਤੋਂ ਆਇਆ ਸੀ, ਜਿਸ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਸੈਂਪਲ ਲਿਆ ਗਿਆ।
ਸਿਵਲ ਸਰਜਨ ਡਾ. ਠਕਰਾਲ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਲਈ ਲਿਆਇਆ ਗਿਆ ਹੈ, ਜਿਥੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਸ ਨੌਜਵਾਨ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਕਤ ਨੌਜਵਾਨ ਪਹਿਲਾਂ ਤੋਂ ਹੀ ਘਰ ਵਿੱਚ ਇਕਾਂਤਵਾਸ ’ਚ ਰਹਿ ਰਿਹਾ ਸੀ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਉਸ ਨੂੰ ਜ਼ਰੂਰੀ ਸਾਵਧਾਨੀਆਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।ਇਸ ਨੌਜਵਾਨ ਦੇ ਪਾਜ਼ਟਿਵ ਆਉਣ ਨਾਲ ਸਿਵਲ ਹਸਪਤਾਲ ਮਾਨਸਾ ਵਿਖੇ 15 ਕੋਰੋਨਾ ਪਾਜ਼ਿਟੀਵ ਮਰੀਜ਼ ਜ਼ੇਰੇ ਇਲਾਜ ਹਨ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਹੁਣ ਤੱਕ 20 ਕੋਰੋਨਾ ਪਾਜ਼ਟਿਵ ਮਰੀਜ਼ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ 15 ਕੋਰੋਨਾ ਪਾਜ਼ਿਟੀਵ ਮਰੀਜ਼ ਰਹਿ ਗਏ ਹਨ।
Punjab Post Daily Online Newspaper & Print Media