ਇਨ੍ਹਾਂ ਸੈਂਟਰਾਂ ‘ਚ ਬਾਹਰੋਂ ਆਏ ਪਿੰਡ ਦੇ ਵਸਨੀਕਾਂ ਨੂੰ ਕੀਤਾ ਜਾਵੇਗਾ 14 ਦਿਨ ਇਕਾਂਤਵਾਸ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਵਧੀਕ ਜਿਲ੍ਹਾ ਮੈਜਿਸਟੇਰਟ ਅਭਿਜੀਤ ਕਪਲਿਸ਼ ਆਈ.ਏ.ਐਸ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਉਂ ਜੋ
ਕੋਵਿਡ-19 (ਕੋਰੋਨਾ ਵਾਇਰਸ) ਬਿਮਾਰੀ ਨੂੰ ਕੇਂਦਰੀ ਸਰਕਾਰ ਵੱਲੋਂ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸਟੇਟਾਂ ਤੋਂ ਆ ਰਹੇ ਲੋਕ ਜਿਸ ਪਿੰਡ ਨਾਲ ਸਬੰਧਿਤ ਹਨ, ਉਹਨਾਂ ਨੂੰ ਉਹਨਾਂ ਦੇ ਹੀ ਪਿੰਡ ਵਿੱਚ ਠਹਿਰਾਉਣ ਲਈ ਸੈਂਟਰ ਬਣਾਉਣ ਲਈ ਜਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਪਠਾਨਕੋਟ ਨੂੰ ਨੋਡਲ ਅਫਸਰ ਨਾਮਜ਼ਦ ਕੀਤਾ ਜਾਂਦਾ ਹੈ।ਇਨ੍ਹਾਂ ਹੁਕਮਾਂ ਵਿੱਚ ਸੈਂਟਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।ਸਿਹਤ ਵਿਭਾਗ ਵੱਲੋਂ ਇਨ੍ਹਾਂ ਸੈਂਟਰਾਂ ਵਿੱਚ ਠਹਿਰਾਏ ਲੋਕਾਂ ਦਾ ਮੈਡੀਕਲ ਮੁਆਇਨਾ ਕੋਵਿਡ-19 ਪ੍ਰੋਟੋਕੋਲ ਅਨੁਸਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿ ਜਿਹੜੇ ਪਿੰਡਾਂ ਵਿੱਚ ਇਹ ਸੈਂਟਰ ਚਾਲੂ ਹੋ ਜਾਂਦਾ ਹੈ, ਉਹ ਪੰਚਾਇਤ ਦਾ ਮਤਾ ਪਾਉਣਗੇ ਕਿ ਦੂਜੇ ਰਾਜ ਤੋਂ ਆਏ ਪਿੰਡ ਦੇ ਹਰ ਵਿਅਕਤੀ ਨੂੰ ਉਸ ਦੇ ਘਰ ਵਿੱਚ ਠਹਿਰਣ ਦੇ ਬਜ਼ਾਏ ਇਸ ਸੈਂਟਰ ਵਿੱਚ ਠਹਿਰਾਇਆ ਜਾਵੇਗਾ, ਜੋ ਵਿਅਕਤੀ ਪੰਚਾਇਤ ਦੇ ਇਸ ਮਤੇ ਦੀ ਉਲਘਣਾ ਕਰੇਗਾ, ਉਸ ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਪਿੰਡ ਦੀ ਪੰਚਾਇਤ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਲਿਖਿਆ ਸੂਚਿਤ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਪੰਚਾਇਤ ਦੀ ਜਿਮ੍ਹੇਵਾਰੀ ਹੋਵੇਗੀ ਕਿ ਜਿਸ ਪਰਿਵਾਰ ਨਾਲ ਸਬੰਧਿਤ ਮੈਂਬਰ ਇਸ ਸੈਂਟਰ ਵਿੱਚ ਕੋਰਿਨਟਾਈਨ ਕੀਤਾ ਜਾਣਾ ਹੈ, ਉਸ ਦੇ ਪਰਿਵਾਰ ਵਲੋਂ ਮੰਜੇ, ਬਿਸਤਰੇ, ਸਰਾਹਣੇ, ਚਾਦਰਾਂ, ਖਾਣਾ ਖਾਨ ਲਈ ਭਾਂਡਿਆ (ਕੌਲੀਆਂ/ ਚਮਚੇ ਅਤੇ ਗਲਾਸ) ਦਾ ਇੰਤਜਾਮ ਉਸ ਪਰਿਵਾਰ ਵਲੋਂ ਹੀ ਕੀਤਾ ਜਾਵੇਗਾ।ਪਰ ਕਿਸੇ ਵੀ ਪਰਿਵਾਰ ਦੇ ਮੈਂਬਰ ਜਾਂ ਪਿੰਡ ਵਾਸੀ ਨੂੰ ਇਸ ਸੈਂਟਰ ਦੇ ਅੰਦਰ ਜਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ, ਸਿਰਫ ਪਿੰਡ ਦਾ ਸਰਪੰਚ, ਨੰਬਰਦਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰਤ ਕਰਮਚਾਰੀ ਹੀ ਇਸ ਸੈਂਟਰ ਦੇ ਅੰਦਰ ਜਾ ਸਕਦਾ ਹੈ।ਪਿੰਡ ਦੀ ਪੰਚਾਇਤ ਵੱਲੋਂ 24 ਘੰਟੇ ਠੀਕਰੀ ਪਹਿਰਾ ਲਗਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਠਹਿਰੇ ਹੋਏ ਵਿਅਕਤੀ ਦੀ ਰਜਿਸਟਰ ਵਿੱਚ ਡਿਟੇਲ ਐਂਟਰੀ ਕੀਤੀ ਜਾਵੇਗੀ, ਜਿਸ ਵਿੱਚ ਉਸ ਦਾ ਨਾਮ, ਪਿਤਾ ਦਾ ਨਾਮ, ਪਤਾ, ਜਿਸ ਜਗ੍ਹਾ (ਰਾਜ/ ਜਿਲ੍ਹਾ ) ਤੋਂ ਆਇਆ ਹੈ ਸਬੰਧੀ ਵੇਰਵਾ, ਉਸਦੀ ਰੋਜ਼ਾਨਾ ਸਿਹਤ ਦੀ ਸਥੀਤੀ ਸਬੰਧੀ ਵੇਰਵਾ ਦਰਜ ਕੀਤਾ ਜਾਵੇਗਾ। ਸੈਂਟਰ ਵਿੱਚ ਠਹਿਰੇ ਵਿਅਕਤੀ ਨੂੰ ਇੱਕ ਕਿੱਟ ਜਿਸ ਵਿੱਚ ਸਾਬਣ, ਸ਼ੈਂਪੂ, ਟੁਥ ਬਰੁਸ਼ ਹਰ ਕਮਰੇ ਲਈ ਵੱਖਰਾ ਹਾਰਪਿਕ, ਸੈਨੇਟਾਜਿਰ, ਡਿਟੋਲ, ਝਾੜੂ ਅਤੇ ਪੋਚਾ ਆਦਿ ਡੀ.ਡੀ.ਪੀ.ਓ ਪਠਾਨਕੋਟ ਉਪਲੱਬਧ ਕਰਵਾਏਗਾ। ਉਨ੍ਹਾ ਕਿਹਾ ਕਿ ਸੈਂਟਰ ਵਿੱਚ ਠਹਿਰੇ ਵਿਅਕਤੀ ਦੇ ਭੋਜਨ ਦਾ ਇੰਤਜਾਮ ਉਸਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ।ਮੈਡੀਕਲ ਟੀਮ ਇਹਨਾਂ ਠਹਿਰੇ ਹੋਏ ਲੋਕਾਂ ਦਾ ਚੈਕਅਪ ਕਰਵਾਉਣਾ ਯਕੀਨੀ ਬਣਾਉਣਗੇ, ਅਤੇ ਲੋਕਾਂ ਨੂੰ ਉਹਨਾਂ ਦੇ ਕਮਰੇ ਵਿੱਚ ਧਰਮਿਕ ਕਿਤਾਬਾਂ ਆਦਿ ਜਰੂਰਤ ਅਨੁਸਾਰ ਮੁਹੱਈਆ ਕਰਵਾਈਆਂ ਜਾਣਗੀਆਂ।
ਸੈਂਟਰ ਵਿੱਚ ਇਕਾਂਤਵਾਸ ਕੀਤੇ ਗਏ ਲੋਕਾਂ ਨੂੰ ਜਰੂਰੀ ਜਿਵੇਂ ਪੈਰਾਸਿਟਾਮੋਲ, ਕੌਂਬੀਫਲੇਮ, ਪੇਨ-ਡੀ, ਈਨੋ, ਡਾਇਜ਼ੀਨ ਮੂਵ ਆਦਿ ਦਵਾਈਆਂ ਤੇ ਪੱਟੀ, ਬੀਟਾਡੀਨ ਵਗੈਰਾ ਸਾਮਾਨ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿਖਿਆ/ ਐਲੀਮੈਂਟਰੀ ਸਿੱਖਿਆ) ਪਠਾਨਕੋਟ ਵੱਲੋਂ ਅਜਿਹੇ ਸਕੂਲ ਦੇ ਸਫਾਈ ਸੇਵਕ/ ਚੋਕੀਦਾਰ/ ਸੇਵਾਦਾਰ ਦੀ ਡਿਊਟੀ ਰੋਟੇਸ਼ਨ ਵਾਈਜ ਲਗਾਈ ਜਾਵੇਗੀ।
Punjab Post Daily Online Newspaper & Print Media