ਹੁਣ ਤੱਕ ਚਾਰ ਬੱਚੇ ਆਪਣੇ ਮਾਪਿਆਂ ਕੋਲ ਪਹੁੰਚਾਏ-ਕੁਮਾਰ ਅਮਿਤ
ਪਟਿਆਲਾ, 13 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ `ਚ ਲਗਾਏ ਕਰਫਿਊ
ਕਾਰਨ ਬਾਹਰਲੇ ਰਾਜਾਂ `ਚ ਫਸੇ ਪਟਿਆਲਾ ਦੇ ਦੋ ਬੱਚੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਮਾਪਿਆਂ ਕੋਲ ਪੁੱਜੇ ਹਨ।ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਿਲ ਕੇ ਜਿੱਥੇ ਸੁੱਖ ਦਾ ਸਾਂਹ ਲਿਆ ਹੈ, ਉਥੇ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਆਪਣੇ ਨਾਨਕੇ ਘਰ ਗਈ ਰਾਜਪੁਰਾ ਦੇ ਨੀਲਗਿਰ ਤੋਂ ਯੋਗੇਸ਼ ਕੁਮਾਰ ਤੇ ਮੀਨਾਕਸ਼ੀ ਦੀ 3 ਸਾਲਾ ਬੱਚੀ ਖਵਾਇਸ਼ ਮਾਰਚ ਮਹੀਨੇ ਤੋਂ ਹੀ ਆਪਣੇ ਨਾਨਕੇ ਘਰ ਅਟਕੇ ਹੋਣ ਕਰਕੇ ਆਪਣਾ ਜੀਅ ਨਹੀਂ ਸੀ ਲਗਾ ਰਹੀ।ਜਦੋਂਕਿ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਦਾ 14 ਸਾਲਾ ਪੁੱਤਰ ਪ੍ਰਭਸ਼ਰਨ ਸਿੰਘ ਹਰਿਆਣਾ ਦੇ ਯਮੁਨਾਨਗਰ ਆਪਣੀ ਭੂਆ ਕੋਲ ਗਿਆ ਹੋਇਆ ਸੀ।
ਉਨਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਮਾਪਿਆਂ ਦੇ ਕੋਲ ਪੁੱਜਦਾ ਕਰਨ ਲਈ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਦੋਂਵਾਂ ਬੱਚਿਆਂ ਦੇ ਅੰਤਰਰਾਜੀ ਪਾਸ ਬਣਵਾਏ।
ਬੱਚਿਆਂ ਦੇ ਵਾਪਸ ਆਉਣ `ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ ਰੂਪਵੰਤ ਕੌਰ ਨੇ ਦੋਵਾਂ ਪਰਿਵਾਰਾਂ ਨੂੰ ਮਿਲ ਕੇ ਸਭ ਤਰ੍ਹਾਂ ਦੇ ਮੈਡੀਕਲ ਟੈਸਟ ਅਤੇ ਚੈਕਅਪ ਕਰਵਾਇਆ ਗਿਆ ਅਤੇ ਦੋਵਾਂ ਹੀ ਬੱਚਿਆ ਨੂੰ 14 ਦਿਨਾਂ ਲਈ ਆਪਣੇ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ।ਇਸ ਤਰਾਂ ਦੋਵਾਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ ਚਾਰ ਬੱਚਿਆਂ ਨੂੰ ਆਪਣੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ।ਸਭ ਤੋਂ ਪਹਿਲਾਂ ਮਿਯੰਕਵੀਰ ਸਿੰਘ ਨੂੰ ਕਠੂਆ ਪਹੁੰਚਾਇਆ ਫਿਰ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਬੱਚੀ ਹਮਰੀਤ ਨੂੰ ਪਟਿਆਲਾ ਪਹੁੰਚਾਇਆ ਗਿਆ ਸੀ।
Punjab Post Daily Online Newspaper & Print Media