Friday, April 24, 2026

ਸਰਬਤ ਦਾ ਭਲਾ ਟਰੱਸਟ ਨੇ ਏਅਰਪੋਰਟ ਤੇ ਦਿੱਤੀਆਂ ਪੀ.ਪੀ.ਈ ਕਿੱਟਾਂ

ਘਰਾਂ ਨੂੰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਸ਼ਾਸ਼ਨ ਨੂੰ ਦਿੱਤੇ ਜਾਣਗੇ ਸਰਜੀਕਲ ਮਾਸਕ – ਸਿੱਧੂ, ਹੇਰ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਨਾਮਵਰ ਸਿੱਖ ਕਾਰੋਬਾਰੀ ਅਤੇ ਉਘੇ ਸਮਾਜ ਸੇਵਕ ਡਾ.ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ

ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੂਆਂ ਦੀ ਸੁਰੱਖਿਆ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ) ਦੇ ਜਵਾਨਾਂ ਨੂੰ 10 ਪੀ.ਪੀ.ਈ ਕਿੱਟਾਂ ਦਿੱਤੀਆਂ ਗਈਆਂ।
              ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਸੀਨੀਅਰ ਮੈਂਬਰ ਐਕਸੀਅਨ ਜਗਦੇਵ ਸਿੰਘ ਛੀਨਾ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਹੀਂ ਵੱਖ-ਵੱਖ ਵਿਸ਼ੇਸ਼ ਉਡਾਣਾਂ ਦੁਆਰਾ ਵਿਦੇਸ਼ ਅੰਦਰ ਆਪਣੇ ਘਰਾਂ ਨੂੰ ਜਾਣ ਅਤੇ ਹੁਣ ਆਪਣੇ ਵਤਨ ਪਰਤਣ ਵਾਲੇ ਯਾਤਰੂਆਂ ਦੀ ਸੁਰੱਖਿਆ ਲਈ ਤੈਨਾਤ ਸੀ.ਆਈ.ਐਸ.ਐਫ਼ ਦੇ ਅਧਿਕਾਰੀਆਂ ਵਲੋਂ ਕਰੋਨਾ ਵਾਇਰਸ ਦੀ ਮਾਰ ਤੋਂ ਬਚਣ ਵਾਸਤੇ ਟਰੱਸਟ ਕੋਲੋਂ ਪੀ.ਪੀ.ਈ ਕਿਟਾਂ ਦੀ ਮੰਗ ਕੀਤੀ ਗਈ ਸੀ।ਜਿਸ ਤਹਿਤ ਟਰੱਸਟ ਦੀ ਜਿਲ੍ਹਾ ਇਕਾਈ ਅੰਮ੍ਰਿਤਸਰ ਵਲੋਂ ਸੀ.ਆਈ.ਐਸ.ਐਫ ਦੇ ਅਧਿਕਾਰੀ ਮਨਮੋਹਨ ਸਿੰਘ ਨੂੰ 10 ਕਿੱਟਾਂ ਸੌਂਪ ਦਿੱਤੀਆਂ ਗਈਆਂ ਹਨ।
             ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਇਸ ਬਿਪਤਾ ਭਰੀ ਘੜੀ `ਚ ਪੰਜਾਬ ਵਿਚੋਂ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਪ੍ਰਵਾਸੀ ਮਜ਼ਦੂਰ ਲਈ ਪ੍ਰਸ਼ਾਸਨ ਵਲੋਂ ਮਾਸਕਾਂ ਦੀ ਕੀਤੀ ਗਈ ਮੰਗ ਤਹਿਤ 50 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਪ੍ਰਸ਼ਾਸਨ ਨੂੰ ਦੇਣ ਦਾ ਵੀ ਫੈਸਲਾ ਕੀਤਾ ਹੈ।ਟਰੱਸਟ ਨੇ ਇਕੱਲੇ ਲੁਧਿਆਣਾ ਜ਼ਿਲ੍ਹੇ ਨੂੰ 25 ਹਜ਼ਾਰ ਮਾਸਕ ਦਿੱਤੇ ਹਨ, ਜਦਕਿ ਜਲੰਧਰ ਅਤੇ ਅੰਮ੍ਰਿਤਸਰ ਜਿਲ੍ਹੇ ਅੰਦਰ ਟਰੱਸਟ ਦੀਆਂ ਟੀਮਾਂ ਨੂੰ 10-10 ਹਜ਼ਾਰ ਸਰਜੀਕਲ ਮਾਸਕ ਭੇਜੇ ਗਏ ਹਨ।ਜੋ ਪ੍ਰਸ਼ਾਸ਼ਨ ਦੀ ਮਦਦ ਨਾਲ ਉਕਤ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੇ ਸਪੈਸ਼ਲ ਰੇਲ ਗਡੀਆਂ ਰਾਹੀਂ ਆਪਣੇ ਘਰਾਂ ਨੂੰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਵੰਡੇ ਜਾਣਗੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …