Saturday, February 28, 2026

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਵਿਧਾ ਕੇਂਦਰ ਸਥਾਪਿਤ -ਕੈਪਟਨ ਅਮਰਿੰਦਰ

ਲੋਕਾਂ ਨੂੰ ਜ਼ਿਲਿਆਂ ਤੱਕ ਪਹੁੰਚਾਉਣ ਲਈ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਆਖਿਆ

ਚੰਡੀਗੜ, 20 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ।ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ ਨੂੰ ਸੂਬੇ ਵਿਚ ਉਨਾਂ ਦੇ ਸਬੰਧਤ ਜ਼ਿਲਿਆਂ ’ਚ ਭੇਜਣ ਲਈ ਮਦਦ ਕੀਤੀ ਜਾਵੇਗੀ ਜਿਥੇ ਉਨਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰਹਿਣਾ ਪਵੇਗਾ।
               ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸੁਵਿਧਾ ਕੇਂਦਰ ਵਿਖੇ ਆਵਾਜਾਈ ਦੀ ਸਹੂਲਤ ਦਾ ਬੰਦੋਬਸਤ ਕੀਤਾ ਗਿਆ ਤਾਂ ਕਿ ਵਿਦੇਸ਼ਾਂ ’ਚ ਫਸੇ ਐਨ.ਆਰ.ਆਈ ਅਤੇ ਪੰਜਾਬੀਆਂ ਦੀ ਉਨਾਂ ਦੇ ਗ੍ਰਹਿ ਜ਼ਿਲਿਆਂ ਵਿੱਚ ਸੁਖਾਲੀ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ ਜਿਥੇ ਉਨਾਂ ਨੂੰ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣ ਰੁਕਣਾ ਪਵੇਗਾ ਅਤੇ ਕੋਵਿਡ ਲਈ ਟੈਸਟ ਵੀ ਲਿਆ ਜਾਵੇਗਾ।ਜਿਨਾਂ ਵਿਅਕਤੀਆਂ ਦੇ ਟੈਸਟ ਨੈਗੇਟਿਵ ਪਾਏ ਜਾਣਗੇ, ਉਨਾਂ ਨੂੰ ਦੋ ਹੋਰ ਹਫਤਿਆਂ ਦੇ ਸਵੈ-ਏਕਾਂਤਵਾਸ ਲਈ ਘਰ ਭੇਜ ਦਿੱਤਾ ਜਾਵੇਗਾ, ਜਦਕਿ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ ਦੇਖਭਾਲ/ਇਲਾਜ ਲਈ ਏਕਾਂਤਵਾਸ ਕੇਂਦਰਾਂ ਵਿੱਚ ਭੇਜ ਜਾਵੇਗਾ।
                ਮੁੱਖ ਮੰਤਰੀ ਨੇ ਦੱਸਿਆ ਕਿ ‘ਵੰਦੇ ਮਾਤਰਮ ਮਿਸ਼ਨ’ ਤਹਿਤ 20,000 ਪੰਜਾਬੀਆਂ ਅਤੇ ਐਨ.ਆਰ.ਆਈ ਦੀ ਘਰ ਵਾਪਸੀ ਦੀ ਉਮੀਦ ਹੈ ਅਤੇ ਇਨਾਂ ਵਿੱਚ ਬਹੁਤੇ ਉਡਾਨਾਂ ਰਾਹੀਂ ਨਵੀਂ ਦਿੱਲੀ ਪਹੁੰਚ ਰਹੇ ਹਨ।ਉਨਾਂ ਦੱਸਿਆ ਕਿ ਹਵਾਈ ਅੱਡੇ ’ਤੇ ਸਥਾਪਤ ਕੀਤਾ ਸੁਵਿਧਾ ਕੇਂਦਰ ਬਿਨਾਂ ਕਿਸੇ ਹਫੜਾ-ਦਫੜੀ ਜਾਂ ਦੁਬਿਧਾ ਤੋਂ ਬਿਹਤਰ ਤਾਲਮੇਲ ਯਕੀਨੀ ਬਣਾਏਗਾ।ਵਿਦੇਸ਼ਾਂ ਵਿੱਚੋਂ ਪੰਜਾਬ ਵਿੱਚ ਆਪਣੀਆਂ ਜੱਦੀ ਥਾਵਾਂ ‘ਤੇ ਵਾਪਸ ਆਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਸੁਰੱਖਿਅਤ ਵਾਪਸੀ ਲਈ ਵੱਖ-ਵੱਖ ਮੁਲਕਾਂ ਵਿੱਚ ਕੋਆਰਡੀਨੇਟਰ ਉਸੇ ਤਰਜ਼ ‘ਤੇ ਨਿਯੁੱਕਤ ਕੀਤੇ ਗਏ ਹਨ, ਜਿਸ ਤਰਾਂ ਉਨਾਂ ਦੀ ਸਰਕਾਰ ਵਲੋਂ ਵਿਸ਼ੇਸ਼ ਸ਼ਰਮਿਕ ਰੇਲਾਂ ਰਾਹੀਂ ਪਰਵਾਸੀ ਕਿਰਤੀਆਂ ਦੇ ਆਉਣ-ਜਾਣ ਦੀ ਸਹੂਲਤ ਲਈ ਨੋਡਲ ਅਫਸਰ ਨਿਯੁੱਕਤ ਕੀਤੇ ਗਏ ਹਨ।
                ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਨਾਂ ਲੋਕਾਂ ਦੇ ਏਕਾਂਤਵਾਸ ਲਈ ਸਬੰਧਤ ਜ਼ਿਲਿਆਂ ਦੇ ਹੋਟਲਾਂ ਅੰਦਰ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਜਿਹੜੇ ਵਿਦਿਆਰਥੀ ਅਤੇ ਜਿਹੜੇ ਪਰਵਾਸੀ ਹੋਟਲਾਂ ਦਾ ਖਰਚ ਨਹੀਂ ਚੁੱਕ ਸਕਦੇ, ਉਨਾਂ ਲਈ ਏਕਾਂਤਵਾਸ ਦੀ ਸੁਵਿਧਾ ਮੁਫਤ ਉਪਲੱਬਧ ਕਰਵਾਈ ਜਾਵੇਗੀ।
                  ਪਰਵਾਸੀ ਭਾਰਤੀ ਮਾਮਲਿਆਂ ਬਾਰੇ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਸੁਵਿਧਾ ਕੇਂਦਰ ਦਿਨ ਦੇ 24 ਘੰਟੇ ਕੰਮ ਕਰ ਰਿਹਾ ਹੈ।ਉਨਾਂ ਦੱਸਿਆ ਕਿ ਬੀਤੇ ਕੱਲ ਯੂ.ਐਸ.ਏ ਤੋਂ ਅੰਮ੍ਰਿਤਸਰ ਵਿਖੇ ਇਕ ਫਲਾਈਟ ਪੁੱਜੀ ਸੀ, ਜਦੋਂਕਿ ਆਉਦੇ ਹਫਤੇ ਵਿੱਚ ਪਰਵਾਸੀ ਪੰਜਾਬੀਆਂ/ਐਨ.ਆਰ.ਆਈ ਨੂੰ ਲਿਆਉਣ ਲਈ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਕਈ ਫਲਾਈਟਾਂ ਪੁੱਜਣਗੀਆਂ।ਉਨਾਂ ਦੱਸਿਆ ਕਿ ਸੁਵਿਧਾ ਕੇਂਦਰ ਸੂਬੇ ਦੇ ਟਰਾਂਸਪੋਰਟ ਵਿਭਾਗ ਨਾਲ ਸੰਪਰਕ ਰੱਖ ਰਿਹਾ ਹੈ ਤਾਂ ਜੋ ਪੰਜਾਬ ਵਾਪਸ ਆਉਣ ਵਾਲੇ ਲੋਕਾਂ ਨੂੰ ਉਨਾਂ ਦੇ ਜੱਦੀ ਜ਼ਿਲਿਆਂ ਤੱਕ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …