ਲੌਂਗੋਵਾਲ, 21 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜਥੇਬੰਦੀ ਦੇ ਆਗੂਆਂ ‘ਤੇ ਦਰਜ਼ ਕੀਤੇ ਪਰਚੇ ਰੱਦ
ਕਰਵਾਉਣ, ਮਾਤਾ ਗੁਰਮੀਤ ਕੌਰ ‘ਤੇ ਘਰ ਆ ਕੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਅਤੇ ਡੰਮੀ ਬੋਲੀ ਨਾ ਕਰਵਾਏ ਜਾਣ ਨੂੰ ਯਕੀਨੀ ਬਣਾਏ ਜਾਣ ਸਬੰਧੀ 4 ਜੂਨ ਨੂੰ ਡੀ.ਸੀ ਦਫ਼ਤਰ ਸੰਗਰੂਰ ਮੂਹਰੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਤਹਿਤ ਪਿੰਡ ਮਿਰਜ਼ਾ ਪੱਤੀ ਨਮੋਲ ਵਿਖੇ ਰੈਲੀ ਕੀਤੀ।
ਰੈਲੀ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਜਿਲ੍ਹਾ ਖਜ਼ਾਨਚੀ ਬਿਮਲ ਕੌਰ, ਪਿੰਡ ਪ੍ਰਧਾਨ ਅਮਰੀਕ ਸਿੰਘ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਸੀਰ ਨਮੋਲ ਨੇ ਸੰਬੋਧਨ ਕਿਹਾ ਕਿ ਇਸ ਪਿੰਡ ਦੇ ਘੜ੍ਹਮ ਚੌਧਰੀ, ਪੰਚਾਇਤ ਅਤੇ ਰਾਜਸੀ ਲੀਡਰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਹਥਿਆਉਣ ਦੇ ਹੱਥ ਕੰਡੇ ਵਰਤ ਰਹੇ ਹਨ।ਪਰ ਕਾਮਯਾਬੀ ਹੱਥ ਲੱਗਦਿਆਂ ਨਾ ਦੇਖ ਉਨ੍ਹਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਪਿੰਡ ਆਗੂ ਗੁਰਮੀਤ ਕੌਰ ਦੇ ਘਰੇ ਜਾ ਕੇ ਜੱਗਾ ਸਿੰਘ ਅਤੇ ਬੱਬੂ ਸਿੰਘ ਨੇ ਹਮਲਾ ਕਰ ਦਿੱਤਾ।ਬੇਸ਼ੱਕ ਮੁਲਜ਼ਮਾਂ ‘ਤੇ ਪਰਚੇ ਦਰਜ਼ ਹੋ ਚੁੱਕੇ ਹਨ, ਪਰ ਦੂਜੇ ਪਾਸੇ ਸਿਆਸੀ ਸ਼ਹਿ ਹੇਠ ਜਥੇਬੰਦੀ ਦੇ ਆਗੂਆਂ ‘ਤੇ ਝੂਠੇ ਕੇਸ ਦਰਜ਼ ਕਰਵਾ ਦਿੱਤੇ ਗਏ।ਇਹ ਪਰਚੇ ਰੱਦ ਕਰਵਾਉਣ ਲਈ 21 ਮਈ ਦਾ ਧਰਨਾ ਡੀ.ਸੀ ਦਫ਼ਤਰ ਮੂਹਰੇ ਲਗਾਉਂਦਾ ਤੈਅ ਕੀਤਾ ਸੀ।ਪਰ ਜਥੇਬੰਦੀਆਂ ਵੱਲੋਂ ਐਸ.ਐਸ.ਪੀ ਨੂੰ ਮਿਲਿਆ ਗਿਆ ਤਾਂ ਉਨ੍ਹਾਂ ਇਹ ਕੇਸ ਐਸ.ਪੀ ਓਪਰੇਸ਼ਨ ਦੇ ਸਪੁੱਰਦ ਕਰ ਦਿੱਤਾ।ਐਸ.ਪੀ ਆਪਰੇਸ਼ਨ ਵਲੋਂ ਭਰੋਸਾ ਦੁਆਏ ਜਾਣ ਤੋਂ ਬਾਅਦ ਕਿ ਪੜਤਾਲ ਦੇ ਆਧਾਰ ‘ਤੇ ਜੇਕਰ ਪਰਚਾ ਝੂਠਾ ਪਾਇਆ ਜਾਂਦਾ ਹੈ ਤਾਂ ਰੱਦ ਕਰ ਦਿੱਤਾ ਜਾਵੇਗਾ।ਤਾਂ ਜਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਕਰਕੇ 21 ਮਈ ਦਾ ਧਰਨਾ 4 ਜੂਨ ਨੂੰ ਡੀ.ਸੀ ਦਫਤਰ ਸੰਗਰੂਰ ਮੂਹਰੇ ਲਗਾਉਣਾ ਤੈਅ ਕੀਤਾ ਗਿਆ ਹੈ।
ਇਸ ਸਮੇਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਟੀਮ ਵਲੋਂ ਇਨਕਲਾਬੀ ਗੀਤ ਪੇਸ਼ ਕਰਕੇ ਰੈਲੀ ਦੀ ਸਮਾਪਤੀ ਕੀਤੀ ।
Punjab Post Daily Online Newspaper & Print Media