Thursday, June 11, 2026

ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਦਿਹਾਂਤ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) – ਪਦਮਸ੍ਰੀ ਤੇ ਅਰਜਨਾ ਐਵਾਰਡੀ ਤਕਰੀਬਨ 96 ਸਾਲਾ ਹਾਕੀ ਉਲੰਪੀਅਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ।ਉਨਾਂ ਦੇ ਚਲਾਣਾ ਕਰ ਜਾਣ ਨਾਲ ਖੇਡ ਜਗਤ ‘ਚ ਗਮ ਦੀ ਲਹਿਰ ਹੈ।ਉਹਨਾਂ ਦੇ ਦੋਹਤੇ ਕਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਮੂਨੀਏ ਦੀ ਸ਼ਿਕਾਇਤ ਕਾਰਣ ਉਨਾਂ ਨੂੰ 8 ਮਈ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਜਿਥੇ ਇਲਾਜ਼ ਦੌਰਾਨ ਉਨਾਂ ਨੂੰ ਦਿਲ ਦੇ ਤਿੰਨ ਦੌਰੇ ਪੈਣ ਕਰਕੇ ਦਿਮਾਗ ‘ਚ ਖੂਨ ਜੰਮ ਜਾਣ ‘ਤੇ ਉਹ ਬੇਹੋਸ਼ੀ ‘ਚ ਚਲੇ ਗਏ।ਇਸ ਲਈ ਉਨਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।ਉਨਾਂ ਕਿਹਾ ਕਿ ਮਹਾਨ ਹਾਕੀ ਖਿਡਾਰੀ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ।
              1923 ‘ਚ ਜਨਮੇ ਬਲਬੀਰ ਸਿੰਘ ਸੀਨੀਅਰ ਦੇ ਤਿੰਨ ਪੁੱਤਰ ਕਨੇਡਾ ਅਤੇ ਪੁੱਤਰੀ ਚੰਡੀਗੜ੍ਹ ਰਹਿੰਦੀ ਹੈ।ਉਨਾਂ ਦੀ ਪਤਨੀ ਪਹਿਲਾਂ ਹੀ ਸਵਰਗ ਸਿਧਾਰ ਚੁੱਕੀ ਹੈ।ਸੂਚਨਾ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮ੍ਰਿਤਕ ਦੇਹ ਉਨਾਂ ਦੀ ਚੰਡੀਗੜ੍ਹ ਦੇ ਸੈਕਟਰ 36 ਸਥਿਤ ਰਿਹਾਇਸ਼ ‘ਤੇ ਲਿਜਾਈ ਗਈ ਹੈ ਅਤੇ ਅੱਜ ਸ਼ਾਮ 5.30 ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਾਟ ਵਿਖੇ ਉਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
                ਦੱਸਣਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਅਜਿਹੇ ਪ੍ਰਸਿੱਧ ਖਿਡਾਰੀ ਸਨ ਜਿੰਨਾਂ ਨੇ ਭਾਰਤ ਨੂੰ ਉਲੰਪਿਕ ‘ਚ ਤਿੰਨ ਵਾਰ ਸੋਨ ਤਮਗੇ ਦਿਵਾਉਣ ‘ਚ ਅਹਿਮ ਰੋਲ ਅਦਾ ਕੀਤਾ।ਉਹ 1948 ‘ਚ ਲੰਡਨ ਹਾਕੀ ਉਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਵਿੱਚ ਸ਼ਾਮਲ ਸਨ।ਜਦਕਿ 1952 ‘ਚ ਉਨਾਂ ਨੇ ਉਪ ਕਪਤਾਨ ਵਜੋਂ ਹੈਲਸਿੰਕੀ ਉਲੰਪਿਕ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਅਤੇ 1956 ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦਿਆਂ ਮੈਲਬੋਰਨ ਹਾਕੀ ਉਲੰਪਿਕ ਗੋਲਡ ਮੈਡਲ ਹਾਸਲ ਕੀਤਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …