ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ
ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਮੀਡੀਆ ਰਾਹੀਂ ਸਿੱਖ ਸੰਗਤਾਂ ਨੂੰ ਕਈ ਵਾਰ ਸੁਚੇਤ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਚੰਗੀ ਵਾਇਰਿੰਗ ਅਤੇ ਚੰਗਾ ਬਿਜਲੀ ਦਾ ਸਮਾਨ ਲਗਾਇਆ ਜਾਵੇ।ਪਾਲਕੀ ਸਾਹਿਬ ਦੇ ਨਾਲ ਲੜੀਆਂ, ਪਲਾਸਟਿਕ ਦਾ ਪੱਖਾ ਆਦਿ ਨਾ ਲਗਾਇਆ ਜਾਵੇ, ਕਿਉਂਕਿ ਇਹ ਚੀਜ਼ਾਂ ਚੱਲਦੀਆਂ ਰਹਿਣ ਕਰਕੇ ਗਰਮ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣਦੀਆਂ ਹਨ। ਪ੍ਰੰਤੂ ਫਿਰ ਵੀ ਸਿੱਖ ਸੰਗਤਾਂ ਅਜਿਹਾ ਕਰਨ ਵਿੱਚ ਅਣਗਹਿਲੀ ਕਰ ਰਹੀਆਂ ਹਨ।
ਉਨਾਂ ਕਿਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਹਨ ਇਹਨਾਂ ਦਾ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ, ਪਰ ਇਸ ਦੇ ਨਾਲ-ਨਾਲ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕੇ ਕੋਈ ਅਜਿਹੀ ਘਟਨਾ ਨਾ ਵਾਪਰੇ ਜੋ ਸ਼ਰਧਾ ਵੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ।ਇਸ ਲਈ ਸਮੂਹ ਗ੍ਰੰਥੀ ਸਿੰਘ ਜਿਨ੍ਹੀ ਦੇਰ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਰਹਿਣ ਉਨ੍ਹੀ ਦੇਰ ਹੀ ਬਿਜਲੀ ਦਾ ਪ੍ਰਯੋਗ ਕੀਤਾ ਜਾਵੇ ਬਾਅਦ ਵਿੱਚ ਕੇਵਲ ਇੱਕ ਛੋਟੀ ਲਾਈਟ ਤੋਂ ਬਿਨ੍ਹਾਂ ਹੋਰ ਕੁੱਝ ਵੀ ਨਾ ਚਲਾਇਆ ਜਾਵੇ।ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਣਿਆ ਰਹੇ ਅਤੇ ਕਿਸੇ ਕਿਸਮ ਦੀ ਬੇਅਦਬੀ ਹੋਣ ਦਾ ਡਰ ਵੀ ਨਾ ਰਹੇ।ਜਥੇਦਾਰ ਨੇ ਕਿਹਾ ਕਿ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਕਰਨ ਤੋਂ ਗੁਰੇਜ ਕੀਤਾ ਜਾਵੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media