Wednesday, April 15, 2026

ਕੋਰੋਨਾ ਸੰਕਟ ਦੌਰਾਨ ਡੋਰਾਂ ਪਤੰਗ ਕਾਰੋਬਾਰੀਆਂ ਦੇ ਰਹੇ ਵਾਰੇ ਨਿਆਰੇ – ਜਸਵੰਤ ਸਿੰਘ

ਕਿਹਾ ਦਿੱਲੀ ਦੀ ਤਰਜ਼ ‘ਤੇ ਅਜੇ ਵੀ ਸ਼ਾਮ ਨੂੰ ਪੇਚੇ ਲੜਦੇ ਰਹਿਣਗੇ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਵੈਸੇ ਤਾਂ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੱ ਚੱਲਦਿਆਂ ਹਰ ਵਰਗ ਦੇ ਲੋਕਾਂ ਦਾ ਨੁਕਸਾਨ ਹੀ ਹੋਇਆ ਹੈ।ਪਰ ਕਰਫਿਊ/ਲਾਕਡਾਊਨ ਦੌਰਾਨ ਘਰਾਂ `ਚ ਵਿਹਲੇ ਬੈਠੇ ਨੌਜਵਾਨਾਂ ਤੇ ਪਤੰਗਬਾਜ਼ੀ ਦੇ ਸ਼ੌਕੀਨਾਂ ਵਲੋਂ ਉਡਾਈਆਂ ਗਈਆਂ ਪਤੰਗਾਂ ਕਾਰਣ ਗੁੱਡੀਆਂ, ਪਤੰਗਾਂ ਤੇ ਡੋਰਾਂ ਵੇਚਣ ਵਾਲਿਆਂ ਨੇ ਰੱਜ਼ ਕੇ ਕਮਾਈ ਕੀਤੀ ਹੈ।
             ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਤੰਗ ਚੈਂਪੀਅਨ ਜਸਵੰਤ ਸਿੰਘ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਸਾਲ ਲੋਹੜੀ ਤੋਂ ਬਾਅਦ ਇੰਨ੍ਹਾਂ ਕਾਰੋਬਾਰੀਆਂ ਦਾ ‘ਮੰਦੀ ਦਾ ਦੌਰ’ ਸ਼ੁਰੂ ਹੋ ਜਾਂਦਾ ਹੈ ਅਤੇ ਸਤੰਬਰ ਮਹੀਨੇ ਤੱਕ ਦੇ ਇੰਨਾਂ ਨੂੰ ਕੋਈ ਹੋਰ ਕੰਮ ਕਰਨਾ ਪੈਂਦਾ ਹੈ, ਪਰ ਐਤਕੀ ਮਈ ਦੇ ਆਖਰੀ ਹਫਤੇ ਤੱਕ ਦੁਕਾਨਦਾਰਾਂ ਨੇ ਖੂਬ ਕਮਾਈ ਕੀਤੀ ਹੈ।ਉਨਾਂ ਕਿਹਾ ਕਿ ਸਰਦੀਆਂ ਵਿੱਚ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ‘ਚਾਈਨਾ ਡ੍ਰੈਗਨ ਡੋਰ’ ਦੀ ਵਰਤੋਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਹਨ, ਪਰ ਇਸ ਲਾਕ-ਡਾਊਨ/ਕਰਫਿਊ ਕਾਰਨ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਧਿਆਨ ਇਸ ਪਾਸੇ ਨਾ ਜਾਣਾ ਕੁਦਰਤੀ ਹੀ ਸੀ।ਜਿਸ ਦਾ ਫਾਇਦਾ ਪਤੰਗਬਾਜਾਂ ਨੇ ਖੂਬ ਉਠਾਇਆ  ਤੇ ਨਿਡਰ ਹੋ ਕੇ ਚਾਈਨਾ ਡੋਰ ਦੇ ਗੱਟੂਆਂ ਦੀ ਵਰਤੋਂ ਕੀਤੀ ਅਤੇ ਦੁਕਾਨਦਾਰਾਂ ਨੇ ਵੀ ਚੋਰੀ ਛਿਪੇ ਗੱਟੂ ਵੇਚੇ ਤੇ ਲੋਹੜੀ ਦੇ ਸਮੇਂ ਦਾ ਬਚਿਆ ਸਟਾਕ ਖਤਮ ਕੀਤਾ।ਪਤੰਗ ਚੈਂਪੀਅਨ ਜਸਵੰਤ ਸਿੰਘ ਮੁਤਾਬਿਕ ਐਤਕੀਂ ਲੋਹੜੀ ਅਤੇ ਮਾਘੀ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਜਿਸ ਕਾਰਨਾਂ ਇੰਨ੍ਹਾਂ ਕਾਰੋਬਾਰੀਆਂ ਕੋਲ ਬਹੁਤ ਸਟਾਕ ਬਚਣਾ ਸੁਭਾਵਿਕ ਸੀ।ਪਰ ਹੁਣ ਕਿਸੇ ਡੋਰ ਗੁੱਡੀਆਂ ਵੇਚਣ ਵਾਲਿਆਂ ਕੋਲ ਲੋਕਲ/ਬਰੇਲੀ/ਚਾਈਨਾ ਮਾਰਕਾ ਕੋਈ ਸਟਾਕ ਨਹੀਂ ਹੈ।
              ਜਸਵੰਤ ਸਿੰਘ ਦੇ ਅਨੁਸਾਰ ਪਤੰਗ ਉਡਾਉਣਾ ਕੋਈ ਮਾੜੀ ਗੱਲ ਨਹੀਂ ਹੈ।ਮੁਗਲ ਕਾਲ ਵਿੱਚ ਇਸ ਦਾ ਪੂਰਾ ਬੋਲ-ਬਾਲਾ ਸੀ।ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਦੇ ਲੁਕਮਾਨ ਹਕੀਮ ਨੇ ਦੱਸਿਆ ਸੀ ਕਿ ਪਤੰਗ ਉਡਾਉਣ ਨਾਲ ਨਜ਼ਰ ਵੱਧਦੀ ਹੈ।ਜਦੋਂ ਕਿ ਅੱਜਕਲ ਦੇ ‘ਅੱਖਾਂ ਦੇ ਡਾਕਟਰ’ ਵੀ ਇਸ ਤਰਕ ਨੂੰ ਮੰਨਦੇ ਹਨ।ਪਤੰਗਬਾਜ਼ੀ ਦਾ ਪੂਰਾ ਆਨੰਦ ਖੁੱਲੇ ਮੈਦਾਨ ਵਿੱਚ ਹੀ ਲਿਆ ਜਾ ਸਕਦਾ ਹੈ।ਛੱਤਾਂ ਤੇ ਪਤੰਗਾਂ ਉਡਾਉਣਾ ਖਤਰਨਾਕ ਹੈ, ਕਿਉਂਕਿ ਕਈ ਜਾਨਲੇਵਾ ਘਟਨਾਵਾਂ ਵਾਪਰਦੀਆਂ ਹਨ।ਉਨਾਂ ਕਿਹਾ ਕਿ ਸਕੂਲ ਤੇ ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਵਰਗ ਵੱਲੋਂ ਅਜੇ ਵੀ ਪਤੰਗਬਾਜ਼ੀ ‘ਚ ਦਿਲਚਸਪੀ ਦਿਖਾਈ ਜਾ ਰਹੀ ਹੈ।ਇਸ ਲਈ ਅਜੋਕੇ ਮਾਹੌਲ ਦੌਰਾਨ ਅੰਮ੍ਰਿਤਸਰ ਵਿੱਚ ਦਿੱਲੀ ਦੀ ਤਰਜ਼ ‘ਤੇ ਰੋਜ਼ਾਨਾ ਸ਼ਾਮ ਨੂੰ ਪੇਚੇ ਲੜਦੇ ਰਹਿਣਗੇ।ਚੈਂਪੀਅਨ ਜਸਵੰਤ ਸਿੰਘ ਅਨੁਸਾਰ ਪੰਜਾਬ ਵਿੱਚ ਬਸੰਤ ਪੰਚਮੀ ਅਤੇ ਲੋਹੜੀ ਵਾਂਗ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਪਤੰਗਬਾਜ਼ੀ ਮੁਕਾਬਲੇ ਆਯੋਜਿਤ ਹੁੰਦੇ ਹਨ।

Check Also

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ …