ਪਟਿਆਲਾ 31 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਰਾਜਪੁਰਾ ਦਾ ਰਹਿਣ ਵਾਲਾ
ਇੱਕ ਵਿਅਕਤੀ ਜੋ ਕਿ ਕੋਵਿਡ ਪੌਜ਼ਟਿਵ ਆਉਣ ’ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ, ਨੂੰ ਵੀ ਕਰੋਨਾ ਤੋਂ ਠੀਕ ਹੋਣ ਅਤੇ ਗਾਈਡ ਲਾਈਨ ਅਨੁਸਾਰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 106 ਹੋ ਗਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜਿਲ੍ਹੇ ਵਿੱਚ ਵੱਖ-ਵੱਖ ਸਥਾਨਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 147 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਬੀਤੇ ਦਿਨੀਂ ਪੌਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ ਵਿੱਚ ਆਏ ਵਿਅਕਤੀਆਂ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ। ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਲੈਬ ਵਿਚੋਂ ਦੇਰ ਰਾਤ ਆਵੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਰਿਪੋਰਟ ਹੋਏ 122 ਪੌਜਟਿਵ ਕੇਸਾਂ ਵਿਚੋਂ 92 ਸ਼ਹਿਰੀ ਖੇਤਰ ਅਤੇ 30 ਪੇਂਡੂ ਖੇਤਰ ਨਾਲ ਸਬੰਧਤ ਹਨ, ਜਿਨ੍ਹਾਂ ਵਿਚੋਂ 69 ਆਦਮੀ ਅਤੇ 53 ਔਰਤਾਂ ਹਨ।ਇਹਨਾਂ 122 ਪੌਜ਼ਟਿਵ ਕੇਸਾਂ ਵਿਚੋਂ ਇੱਕ ਕੇਸ ਵਿਦੇਸ਼ ਤੋਂ ਆਉਣ ਦੀ ਹਿਸਟਰੀ ਨਾਲ ਸਬੰਧਤ, 67 ਕੇਸ ਪੌਜ਼ਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਵਿਅਕਤੀ, 44 ਬਾਹਰੀ ਰਾਜਾਂ ਤੋਂ ਆਏ ਯਾਤਰੂ ਅਤੇ 10 ਹੋਰ ਦੂਸਰੇ ਹਨ।
ਸਿਵਲ ਸਰਜਨ ਨੇ ਬਾਹਰੀ ਰਾਜਾਂ ਤੋਂ ਜਿਲ੍ਹੇ ਵਿਚ ਆ ਰਹੇ ਯਾਤਰੂਆਂ ਨੂੰ ਅਪੀਲ ਕੀਤੀ ਕਿ ਉਹ ਚਾਹੇ ਕਿਸੇ ਵੀ ਸਾਧਨ ਰਾਹੀ ਆਪਣੇ ਘਰ ਆ ਰਹੇ ਹਨ ਤਾਂ ਉਹ ਆਪਣੀ ਸੂਚਨਾ ਜਿਲ੍ਹਾ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 ’ਤੇ ਜਰੂਰ ਦੇਣ ਤਾਂ ਜੋ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਉਨ੍ਹਾਂ ਨੂੰ ਕੁਆਰਨਟੀਨ ਕਰਕੇ ਸਕਰੀਨਿੰਗ ਕੀਤੀ ਜਾ ਸਕੇ ਅਤੇ ਗਾਈਡ ਲਾਈਨਜ਼ ਅਨੁਸਾਰ ਉਨ੍ਹਾਂ ਦੀ ਕੋਵਿਡ ਸਬੰਧੀ ਸੈਂਪਲਿੰਗ ਕੀਤੀ ਜਾ ਸਕੇ।
ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 5345 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ 122 ਕੋਵਿਡ ਪੌਜ਼ਟਿਵ ਜੋ ਕਿ ਜਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 4766 ਨੈਗੇਟਿਵ ਅਤੇ 457 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ ਦੋ ਪੌਜ਼ਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ, 106 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 14 ਹੈ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media