ਧੂਰੀ, 2 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਮ.ਡੀ ਪਨਗ੍ਰੇਨ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਆਊਟਸੋਰਸ ਏਜੰਸੀ ਵੱਲੋਂ ਗੋਦਾਮਾਂ ਦੀ ਰਾਖੀ ਲਈ ਰੱਖੇ ਗਏ
ਸਕਿਊਰਟੀ ਗਾਰਡਾਂ ਦੀ ਛਾਂਟੀ ਕਰਦੇ ਹੋਏ, ਉਹਨਾਂ ਦੀ ਗਿਣਤੀ 50 ਫੀਸਦੀ ਰੱਖਣ ਅਤੇ ਬਚਦੇ 50 ਫੀਸਦੀ ਸਕਿਊਰਟੀ ਗਾਰਡਾਂ ਤੋਂ ਚੌਕੀਦਾਰਾ ਡਿਊਟੀ 12 ਘੰਟੇ ਲੈਣ ਦੇ ਰੋਸ ਵਜੋਂ ਪਨਗ੍ਰੇਨ ਦਫਤਰ ਧੂਰੀ ਵਿਖੇ ਸਕਿਊਰਟੀ ਗਾਰਡਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ੳੁੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਇਸ ਨਾਦਰਸ਼ਾਹੀ ਫੈਸਲੇ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਗਈ ਹੈ।
ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਤਹਿਸੀਲ ਅਤੇ ਕੇਂਦਰ ਧੂਰੀ ਦੇ ਆਗੂਆਂ ਹੰਸ ਰਾਜ ਦੀਦਾਰਗੜ੍ਹ, ਮੇਲਾ ਸਿੰਘ ਪੂੰਨਾਵਾਲ, ਗੁਰਮੀਤ ਸਿੰਘ ਮਿੱਡਾ, ਇੰਦਰ ਸਿੰਘ ਧੂਰੀ, ਰਮੇਸ਼ ਕੁਮਾਰ, ਚਰਨਜੀਤ,ਪ੍ਰੇਮ ਕੁਮਾਰ, ਸ਼ਰੀਫ਼ ਮੁਹੰਮਦ, ਬਹਾਦਰਪਾਲ, ਰਣਜੀਤ ਸਿੰਘ, ਮਨੀਸ਼ ਕੁਮਾਰ, ਕੁਲਜੀਤ ਸਿੰਘ, ਜਗਜੀਤ ਸਿੰਘ ਆਦਿ ਨੇ ਕਿਹਾ ਕਿ ਐਮ. ਡੀ.ਪਨਗ੍ਰੇਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਊਟ ਸੋਰਸ ਕਰਮਚਾਰੀਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਸੁਰੂ ਕਰਦਿਆਂ ਅਜਿਹਾ ਫੈਸਲਾ ਕਰਕੇ ਕਿਰਤੀ ਵਰਗ ਨਾਲ ਭਾਰੀ ਧੱਕਾ ਕੀਤਾ ਗਿਆ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਰੋਜਗਾਰ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਅਫਸਰਸ਼ਾਹੀ ਵੱਲੋਂ ਅਜਿਹੇ ਫੈਸਲੇ ਲੈ ਕੇ ਕਿਰਤੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਪਨਗ੍ਰੇਨ ਵੱਲੋਂ 10000 ਐਮ.ਟੀ.ਕਣਕ ਦੀ ਰਾਖੀ ਲਈ ਸਿਰਫ 4 ਕਰਮਚਾਰੀ ਰੱਖਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ ਅਤੇ ਫੀਲਡ ਅਧਿਕਾਰੀਆਂ ਵੱਲੋਂ ਐਮ.ਡੀ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਡਿਓਟੀ ਸਮਾਂ 8 ਤੋਂ ਵਧਾ ਕੇ 12 ਘੰਟੇ ਅਤੇ ਸ਼ਿਫਟਾਂ ਤਿੰਨ ਤੋਂ ਦੋ ਕਰਕੇ ਕਿਰਤੀਆਂ ਦਾ ਮਾਨਸਿਕ, ਆਰਥਿਕ ਸੋਸ਼ਣ ਸ਼ੁਰੂ ਕਰ ਦਿੱਤਾ ਹੈ।ਰਣਜੀਤ ਰਾਣਵਾਂ ਨੇ ਕਿਹਾ ਕਿ ਗੋਦਾਮਾਂ ਦੀ ਹਾਲਤ ਤਰਸਯੋਗ ਹੈ, ਸਕਿਊਰਟੀ ਗਾਰਡ ਘਟਾਉਣ ਨਾਲ ਗੋਦਾਮਾਂ ਦੀ ਰਾਖੀ ਮੁਸ਼ਕਿਲ ਹੋਣ ਦੇ ਨਾਲ-ਨਾਲ ਸਕਿਊਰਟੀ ਗਾਰਡਾਂ ਦੀ ਜਾਨ-ਮਾਲ ਦਾ ਖਤਰਾ ਵੀ ਵਧ ਗਿਆ ਹੈ।ਰੈਗੂਲਰ ਕੀਤੇ ਪੀ.ਆਰ ਚੌਕੀਦਾਰਾਂ ਨੂੰ ਜੀ.ਪੀ.ਐਫ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਜਿਲੇ ਤੋਂ ਬਾਹਰ ਬਦਲ ਦਿੱਤਾ ਗਿਆ ਹੈ। ਸਵ: ਕਰਮਚਾਰੀਆਂ ਦੇ ਵਾਰਿਸ ਨੌਕਰੀ ਲਈ ਤਰਸ ਰਹੇ ਹਨ, ਰੈਗੂਲਰ ਕੀਤੇ ਪੀ.ਆਰ.ਚੌਕੀਦਾਰਾਂ ਲਈ ਤੀਜੇ ਦਰਜੇ ‘ਚ ਤਰੱਕੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ, ਸੇਵਾ ਮੁਕਤ ਆਰਜ਼ੀ ਪੀ.ਆਰ ਚੌਕੀਦਾਰਾਂ ਨੂੰ ਪੈਨਸ਼ਨ ਅਤੇ ਪੈਨਸ਼ਨਰੀ ਲਾਭ ਬੰਦ ਕਰ ਦਿੱਤੇ ਹਨ।
ਖੁਰਾਕ ਸਪਲਾਈ ਮੰਤਰੀ ਵੀ ਕੋਰੋਨਾ ਮਹਾਂਮਾਰੀ ਦੌਰਾਨ ਵੀ ਦਰਜ਼ਾ ਚਾਰ ਕਰਮਚਾਰੀਆਂ/ਸਕਿਓਰਟੀਗਾਰਡਾਂ ਦੀਆਂ ਮਸ਼ਕਲਾਂ ਨੂੰ ਅਣਗੌਲਿਆਂ ਕਰਦੇ ਆ ਰਹੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media