ਸਾਵਧਾਨੀਆਂ ਅਪਣਾ ਕੇ ਹੀ ਮਿਸ਼ਨ ਫਤਿਹ ਕੀਤਾ ਜਾ ਸਕਦਾ ਹੈ ਕਾਮਯਾਬ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਰਕਾਰ ਵਲੋਂ ਕੁੱਝ ਚੋਣਵੇ ਰੂਟਾਂ ‘ਤੇ ਬੱਸ
ਸੇਵਾ ਬਹਾਲ ਕਰ ਦਿੱਤੀ ਗਈ ਹੈ।ਜਿਸ ਦੌਰਾਨ ਬੱਸਾਂ ਵਿੱਚ ਸਮਾਜਿਕ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਵਾਰੀਆਂ ਬੈਠਾਈਆਂ ਜਾ ਰਹੀਆਂ ਹਨ ਅਤੇ ਹਰ ਬੱਸ ਵਿੱਚ ਸੈਨੀਟਾਈਜ਼ਰ ਅਤੇ ਡਸਟਬਿਨ ਦੀ ਸੁਵਿੱਧਾ ਦਿੱਤੀ ਗਈ ਹੈ।ਢਿਲੋਂ ਨੇ ਕਰਮਚਾਰੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਬੱਸਾਂ ਵਿੱਚ ਹਰੇਕ ਵਿਅਕਤੀ ਤੋਂ ਘੱਟੋਂ ਘੱਟ 1 ਮੀਟਰ ਦੀ ਦੂਰੀ ਬਣਾਈ ਜਾਵੇ ਅਤੇ ਆਪਣੇ ਹੱਥਾਂ ਨੂੰ ਸਮੇਂ ਸਮੇਂ ‘ਤੇ ਸਾਬਨ ਤੇ ਪਾਣੀ ਨਾਲੀ 20 ਸੈਕੰਡ ਤੱਕ ਧੋਵੋ ਜਾਂ ਫਿਰ ਅਲਕੋਹਲ ਯੁਕਤ ਸੈਨੇਟਾਈਜ਼ਰ ਦੀ ਵਰਤੋਂ ਕਰਨ।ਉਨਾਂ ਕਿਹਾ ਕਿ ਆਪਣੀਆਂ ਅੱਖਾਂ, ਨੱਕ ਤੇ ਮੂੰਹ ਨੂੰ ਨਾ ਛੁਹੋ ਅਤੇ ਇਸਤੇਮਾਲ ਕੀਤੇ ਹੋਏ ਟਿਸ਼ੂ ਪੇਪਰ ਨੂੰ ਢੱਕਣ ਵਾਲੇ ਕੂੜੇਦਾਨ ਵਿੱਚ ਹੀ ਸੁੱਟਿਆ ਜਾਵੇ।
ਕੋਵਿਡ-19 ਖਿਲਾਫ਼ ਜੰਗ ਨੂੰ ਪੂਰੇ ਰਾਜ ਦੇ ਲੋਕਾਂ ਤੱਕ ਲੈ ਕੇ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 30 ਜੂਨ ਤੱਕ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ।ਜਿਸ ਦੌਰਾਨ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰੂਕ ਕਰਨਾ, ਫਲੂ ਦੇ ਲੱਛਣਾਂ ਤੇ ਉਸ ਦੀਆਂ ਕ੍ਰਿਰਿਆਵਾਂ ਅਤੇ ਮਹਾਂਮਾਰੀ ਵਿਰੁੱਧ ਮਿੱਲ ਕੇ ਲੜਨ ਲਈ ਸਮਾਜ ਦੀ ਲਾਮਬੰਦੀ ਸ਼ਾਮਲ ਹੈ।
ਉਨਾਂ ਕਿਹਾ ਕਿ ਅਸੀਂ ਕੁੱਝ ਸਾਵਧਾਨੀਆਂ ਅਪਣਾ ਕੇ ਹੀ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।ਉਨਾਂ ਲੋਕਾਂ ਨੂੰ ਵੱਧ ਤੋਂ ਵੱਧ ਕੋਵਾ ਐਪ ਡਾਉਨਲੋਡ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਬਿਮਾਰੀ ਤੇ ਇਸ ਨਾਲ ਜੁੜੇ ਹੋਰ ਪਹਿਲੂਆਂ ਤੋਂ ਲਗਾਤਾਰ ਜਾਣਕਾਰੀ ਹਾਸਲ ਕਰਦੇ ਰਹਿਣ।
Punjab Post Daily Online Newspaper & Print Media