ਕਿਹਾ ਸਰਕਾਰ ਜੇਕਰ ਖਾਲਿਸਤਾਨ ਦੇਂਦੀ ਹੈ ਤਾਂ ਕੋਈ ਸਿੱਖ ਇਨਕਾਰ ਨਹੀਂ ਕਰ ਸਕਦਾ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਸ਼ਹੀਦੀ ਸਮਾਗਮ

ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਨੂੰ ਸੰਸਾਰ ਦੇ ਇਤਿਹਾਸ ਅੰਦਰ ਕਾਲਾ ਦਿਨ ਦੱਸਿਆ।ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਸਮੇਂ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੀ ਨਹੀਂ, ਬਲਕਿ 35-36 ਦੇ ਕਰੀਬ ਗੁਰੂ ਘਰਾਂ ’ਤੇ ਹਮਲੇ ਕੀਤੇ ਗਏ।ਜਿਸ ਦੌਰਾਨ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਬਾਬਾ ਠਾਰਾ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ।ਇਹ ਹਮਲਾ ਸਿੱਖ ਮਾਨਸਿਕਤਾ ਉਪਰ ਸੀ।ਉਨਾਂ ਕਿਹਾ ਕਿ ਇਹ ਪੀੜਾ ਸਿੱਖ ਮਨਾਂ ਵਿੱਚ ਰਹਿੰਦੀ ਦੁਨੀਆ ਤੱਕ ਰਹੇਗੀ, ਸਿੱਖ ਇਸ ਨੂੰ ਕਦੀ ਭੁਲਾ ਨਹੀਂ ਸਕਦੇ।
ਉਨਾਂ ਕਿਹਾ ਹਰ ਸਾਲ ਵੱਡੀ ਗਿਣਤੀ ‘ਚ ਸੰਗਤਾਂ ਪੁੱਜਦੀਆਂ ਹਨ।ਪਰ ਲਾਕਡਾਊਨ ਕਾਰਣ ਪੁਲਿਸ ਤੇ ਪ੍ਰਸਾਸ਼ਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ‘ਤੇ ਲਗਾਈਆਂ ਰੋਕਾਂ ਕਾਰਣ ਜਿਆਦਾ ਸੰਗਤਾਂ ਨਹੀਂ ਪੁੱਜ ਸਕੀਆਂ।ਉਨਾਂ ਕਿਹਾ ਕਿ ਰੋਕਾਂ ਲਗਾਉਣੀਆਂ ਜਾਇਜ਼ ਨਹੀਂ ਹਨ।ਉਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਦਾ ਇਤਿਹਾਸ ਸਾਂਭਣ ਲਈ ਸ਼੍ਰੋਮਣੀ ਕਮੇਟੀ ਨੂੰ ਕਹਾਂਗੇ ਕਿ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਦਾ ਪੈਨਲ ਬਣਾਵੇ ਅਤੇ ਜਿੰਨਾਂ ਇਹ ਦੁਖਾਂਤ ਪਿੰਡੇ ਹੰਢਾਇਆ ਉਨਾਂ ਨਾਲ ਗੱਲਬਾਤ ਕਰਕੇ ਵੱਡਾ ਦਸਤਾਵੇਜ਼ ਤਿਆਰ ਕਰਵਾਇਆ ਜਾਵੇ।
ਪ੍ਰੋਗਰਾਮ ਦੀ ਸਮਾਪਤੀ ‘ਤੇ ਲੱਗੇ ਖਾਲਿਸਤਾਨ ਦੇ ਨਾਅਰਿਆਂ ਬਾਰੇ ਜਥੇਦਾਰ ਨੇ ਕਿਹਾ ਕਿ ਸੰਗਤਾਂ ਵਿੱਚ ਜੋਸ਼ ਹੈ ਅਤੇ ਨੌਜਵਾਨਾਂ ਵਲੋਂ ਜੋਸ਼ ਦਾ ਪ੍ਰਗਟਾਵਾ ਕਰਨ ਲਈ ਨਾਅਰੇ ਲਾਉਣੇ ਗਲਤ ਨਹੀਂ ਹਨ।ਉਨਾ ਇਹ ਵੀ ਕਿਹਾ ਕਿ ਭਾਰਤ ਸਰਕਾਰ ਦਾ ਰਵੱਈਆ ਹਮੇਸ਼ਾਂ ਸਿੱਖ ਵਿਰੋਧੀ ਰਿਹਾ ਹੈ।ਪੱਤਰਕਾਰਾਂ ਵਲੋਂ ਖਾਲਿਸਤਾਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਭਾਰਤ ਸਰਕਾਰ ਜੇਕਰ ਖਾਲਿਸਤਾਨ ਦੇਂਦੀ ਹੈ ਤਾਂ ਕੋਈ ਸਿੱਖ ਇਨਕਾਰ ਨਹੀਂ ਕਰ ਸਕਦਾ।
8 ਜੂਨ ਤੋਂ ਸਰਕਾਰ ਵਲੋਂ ਧਾਰਮਿਕ ਸਥਾਨ ਖੋਲਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨਾਂ ਕਿਹਾ ਸਿੱਖ ਮਨਾਂ ‘ਚ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਿਦਾਰਿਆਂ ਦੀ ਤਮੰਨਾ ਹਮੇਸ਼ਾਂ ਰਹੀ ਹੈ ਅਤੇ ਅਰਦਾਸ ਵਿੱਚ ਵੀ ਉਹ ਰੋਜ਼ਾਨਾ ਅਰਦਾਸ ਬੇਨਤੀ ਕਰਦੇ ਹਨ।ਜਥੇਦਾਰ ਨੇ ਸੰਗਤਾਂ ਨੂੰ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ।
Punjab Post Daily Online Newspaper & Print Media