ਫਰੀਦਕੋਟ 7 ਜੂਨ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ ਲਈ ਲੋਕਾਂ ਦਾ, ਲੋਕਾਂ ਵੱਲੋਂ ਲੋਕਾਂ ਲਈ ਮਿਸ਼ਨ ਨੂੰ ਪੰਜਾਬ ਫਾਈਟ ਮਿਸ਼ਨ ਫਤਿਹ ਦਾ ਨਾਮ ਦਿੱਤਾ ਗਿਆ ਹੈ।ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 5749 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ।ਜਿੰਨਾਂ ਵਿੱਚੋਂ 358 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।ਮਿਲੇ ਨਤੀਜਿਆਂ ‘ਚ 5230 ਰਿਪੋਰਟਾਂ ਨੈਗੇਟਿਵ ਆਈਆਂ ਹਨ।
ਪ੍ਰਾਪਤ ਨਤੀਜਿਆਂ ਵਿੱਚ ਫਰੀਦਕੋਟ `ਚ 3 ਹੋਰ ਕੋਰੋਨਾ ਪਾਜ਼ਟਿਵ ਕੇਸ ਜਿੰਨਾਂ ਵਿੱਚ ਪਹਿਲਾਂ ਪਾਜ਼ੀਟਿਵ ਆਏ ਪੁਲਿਸ ਦੇ ਏ.ਐਸ.ਅਈ ਦੇ ਸੰਪਰਕ ਆਏ 2 ਕੋਟਕਪੁਰਾ ਦੇ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ, ਜਦਕਿ 1 ਹੋਰ ਪੁਲਿਸ ਦਾ ਹੀ ਏ.ਐਸ.ਆਈ ਜੋ ਬਾਜੇਖਾਨਾ ਵਿਖੇ ਡਿਊਟੀ ਕਰਦਾ ਹੈ। ਉਸ ਦੀ ਰਿਪੋਰਟ ਵੀ ਕੋਰੋਨਾ ਪਾਜ਼ਟਿਵ ਆਈ ਹੈ।ਹੁਣ ਜ਼ਿਲੇ ਵਿੱਚ ਕੋਰੋਨਾ ਦੇ 10 ਐਕਟਿਵ ਕੇਸ ਹੋ ਗਏ ਹਨ।ਪਾਜ਼ਟਿਵ ਆਏ ਵਿਅਕਤੀ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ।ਵਿਭਾਗ ਵਲੋਂ ਜ਼ਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੁਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।ਉਨਾਂ ਦੱਸਿਆ ਕਿ ਫਰੰਟਲਾਈਨ ‘ਤੇ ਸੇਵਾਵਾਂ ਨਿਭਾਅ ਰਹੇ ਪੁਲਿਸ ਵਿਭਾਗ ਦੇ ਅਧਿਕਾਰੀ-ਕਰਮਚਾਰੀ, ਸਿਹਤ ਵਿਭਾਗ ਦੇ ਸਟਾਫ ਮੈਂਬਰ, ਆਸ਼ਾ ਵਰਕਰ, ਗਰਭਵਤੀ ਔਰਤਾਂ, ਹਾਲ ਹੀ ਵਿੱਚ ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੇ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜ਼ਿਲੇ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ,ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ।
ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਨੇ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੂੰ ਜਾਗਰੂਕਤਾ ਗਤੀਵਿਧੀਆਂ ਜਾਰੀ ਰੱਖਣ ਲਈ ਹਦਾਇਤ ਕੀਤੀ ਤਾਂ ਜੋ ਕੋਰੋਨਾ ਸੈਂਪਲਿੰਗ ਸਬੰਧੀ ਝੂਠੀਆਂ ਅਫਵਾਹਾਂ ਨੂੰ ਦੂਰ ਕਰਕੇ ਲੋਕਾਂ ਨੂੰ ਸੈਂਪਲਿੰਗ ਪ੍ਰਕਿਰਿਆ ਸਬੰਧੀ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ।ਉਨਾਂ ਕਿਹਾ ਕਿ ਮਿਸ਼ਨ ਫਤਹਿ ਤਹਿਤ ਫਰੰਟ ਲਈਨ ਤੇ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰ, ਸਿਹਤ ਵਿਭਾਗ ਦਾ ਸਟਾਫ, ਪੁਲਿਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਗਰਭਵਤੀ ਔਰਤਾਂ ਦੀ ਸਕਰੀਨੰਗ ਕਰ ਖੰਘ, ਜ਼ੁਕਾਮ, ਬੁਖਾਰ ਜਾਂ ਫਲੂ ਵਰਗੇ ਲੱਛਣ ਵਾਲਿਆਂ ਦੇ ਸੈਂਪਲ ਇਕੱਤਰ ਕਰਨ ਦੀ ਮੁਹਿੰਮ ਜਾਰੀ ਹੈ।ਜਿੰਨਾਂ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਜੇ ਉਹ ਕੋਰੋਨਾ ਦਾ ਸ਼ੱਕ ਦੂਰ ਕਰਨਾ ਚਾਹੁੰਦੇ ਹਨ ਤਾਂ ਉਹ ਨੇੜੇ ਦੇ ਫਲੂ ਕਾਰਨਰ ਤੇ ਸੈਂਪਲ ਦੇ ਸਕਦੇ ਹਨ।ਜ਼ਿਲਾ ਐਪੇਡਿਮੋਲੋਜਿਸਟ ਡਾ. ਵਿਕਰਮਜੀਤ ਸਿੰਘ ਅਤੇ ਡਾ. ਅਨੀਤਾ ਚੌਹਾਨ ਨੇ ਦੱਸਿਆ ਕਿ ਜ਼ਿਲੇ ਦੇ ਪਾਜ਼ਟਿਵ ਆਏ ਕੇਸਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਵਿਭਾਗ ਦੀ ਟੀਮ ਵੱਲੋਂ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਉਨਾਂ ਨੂੰ ਇਕਾਂਤਵਾਸ ਕਰਕੇ ਉਨਾਂ ਦਾ ਕੋਰੋਨਾ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜਿਆ ਜਾ ਸਕੇ।