ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ ਲੋਕ – ਡਿਪਟੀ ਕਮਿਸ਼ਨਰ
ਲੁਧਿਆਣਾ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19
ਬਿਮਾਰੀ ਤੋਂ ਪੀੜਤ 10 ਹੋਰ ਮਾਮਲੇ ਸਾਹਮਣੇ ਆਏ ਹਨ।ਜਿਨਾਂ ਵਿੱਚੋਂ 2 ਚੰਦਰ ਨਗਰ, 2 ਓਮੈਕਸ ਰਾਇਲ ਸਿਟੀ, 2 ਖੰਨਾ, 1 ਫੀਲਡ ਗੰਜ, 1 ਪਿੰਡ ਦਾਦ, 1 ਛਾਉਣੀ ਮੁਹੱਲਾ ਅਤੇ 1 ਇਸਲਾਮਗੰਜ਼ ਨਾਲ ਸੰਬੰਧਤ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ `ਮਿਸ਼ਨ ਫਤਹਿ` ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।ਅੱਜ 8 ਜੂਨ ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 165 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 11522 ਨਮੂਨੇ ਲਏ ਗਏ ਹਨ, ਜਿਨਾਂ ਵਿਚੋਂ 10797 ਦੀ ਰਿਪੋਰਟ ਪ੍ਰਾਪਤ ਹੋਈ ਹੈ।10439 ਨਤੀਜੇ ਨੈਗੇਟਿਵ ਆਏ ਹਨ, ਜਦਕਿ 725 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ 257 ਮਾਮਲੇ ਪਾਜ਼ਟਿਵ ਪਾਏ ਗਏ ਹਨ, ਜਦਕਿ 101 ਮਰੀਜ਼ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ।ਉਨਾਂ ਕਿਹਾ ਕਿ ਬਦਕਿਸਮਤੀ ਨਾਲ 10 ਮੌਤਾਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਅਤੇ 7 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਹੁਣ ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 165 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਹੁਣ 8262 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1882 ਵਿਅਕਤੀ ਇਕਾਂਤਵਾਸ ਹਨ।ਅੱਜ ਵੀ 264 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ।ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ।ਇਸੇ ਤਰਾਂ ਅੱਜ ਵੀ 614 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।
Punjab Post Daily Online Newspaper & Print Media