ਵਲੰਟੀਅਰਾਂ ਵੱਲੋਂ ਹੁਣ ਤੱਕ ਵੰਡੇ ਗਏ 29 ਹਜ਼ਾਰ ਤੋਂ ਵੱਧ ਹੱਥੀਂ ਬਣਾਏ ਧੋਣ ਯੋਗ ਮਾਸਕ
ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਪੂਰਥਲਾ ਵਿੱਚ ਕੋਰੋਨਾ ਮਹਾਂਮਾਰੀ ਨਾਲ ਜੰਗ ਵਿੱਚ ਫ਼ਤਹਿ ਹਾਸਲ ਕਰਨ ਲਈ ਜਿਥੇ ਜ਼ਿਲ੍ਹਾ ਪ੍ਰਸਾਸ਼ਨ,
ਪੁਲਿਸ, ਸਿਹਤ, ਫੂਡ ਸਪਲਾਈ ਅਤੇ ਹੋਰ ਵਿਭਾਗ ਜੀਅ-ਜਾਨ ਨਾਲ ਜੁੱਟੇ ਹੋਏ ਹਨ, ਉਥੇ ਐਨ.ਜੀ.ਓ ਵੀ ਭੂਮਿਕਾ ਅਹਿਮ ਹੈ।ਇਨ੍ਹਾਂ ਤੋਂ ਇਲਾਵਾ ਐਨ.ਐਸ.ਐਸ ਦੇ ਵਲੰਟੀਅਰ (ਮੁੰਡੇ ਤੇ ਕੁੜੀਆਂ) ਅਤੇ ਯੁਵਕ ਸੇਵਾਵਾਂ ਕਲੱਬਾਂ ਅਤੇ ਰੈਡ ਰਿਬਨ ਕਲੱਬਾਂ ਦੇ ਮੈਂਬਰ ਵੀ ਇਸ ਔਖੀ ਘੜੀ ਵਿਚ ਮਾਨਵਤਾ ਦੀ ਸੇਵਾ ਵਿਚ ਦਿਨ-ਰਾਤ ਲੱਗੇ ਹੋਏ ਹਨ।ਇਹ ਵਲੰਟੀਅਰ ਆਪਣ ਹੱਥੀਂ ਮਾਸਕ ਤਿਆਰ ਕਰ ਕੇ ਆਸਪਾਸ ਦੇ ਜ਼ਰੂਰਤਮੰਦਾਂ ਵਿੱਚ ਵੰਡ ਰਹੇ ਹਨ। ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਪ੍ਰੀਤ ਕੋਹਲੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਕਲੱਬਾਂ ਦੇ ਵਲੰਟੀਅਰ ਕੋਰੋਨਾ ਖਿਲਾਫ਼ ਮਿਸ਼ਨ ਨੂੰ ਫ਼ਤਹਿ ਕਰਨ ਲਈ ਅੱਗੇ ਆ ਰਹੇ ਹਨ।ਜ਼ਿਲ੍ਹੇ ਵਿਚ 4 ਅਪ੍ਰੈਲ ਤੋਂ 4 ਜੂਨ ਤੱਕ 29150 ਮਾਸਕ ਵੰਡੇ ਜਾ ਚੁੱਕੇ ਹਨ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਯੁਵਕ ਸੇਵਾਵਾਂ ਕਲੱਬਾਂ ਵੱਲੋਂ 710 ਤੋਂ ਵੱਧ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।ਪ੍ਰੀਤ ਕੋਹਲੀ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਕਲੱਬਾਂ ਵੱਲੋਂ ਸੈਨੀਟਾਈਜ਼ਰਾਂ ਦੀ ਵੰਡ ਵੀ ਕੀਤੀ ਗਈ।ਕੁੜੀਆਂ ਨੂੰ ਕਿਤੇ ਵੀ ਡਿਊਟੀ ’ਤੇ ਨਹੀਂ ਲਗਾਇਆ ਗਿਆ, ਇਸ ਕਾਰਨ ਉਨ੍ਹਾਂ ਨੇ ਘਰ ਬੈਠ ਕੇ 2 ਮਹੀਨਿਆਂ ਦੌਰਾਨ 29 ਹਜ਼ਾਰ ਤੋਂ ਵੱਧ ਮਾਸਕ ਹੱਥੀਂ ਬਣਾਏ, ਜਿਨ੍ਹਾਂ ਦੀ ਮੁਫ਼ਤ ਵੰਡ ਕੀਤੀ ਗਈ।ਉਨ੍ਹਾ ਦੱਸਿਆ ਕਿ ਲੇਡੀ ਪ੍ਰੋਗਰਾਮ ਅਫ਼ਸਰਾਂ ਦੁਆਰਾ ਖ਼ੁਦ ਵੀ ਮਾਸਕ ਬਣਾਏ ਜਾ ਰਹੇ ਹਨ।
ਪ੍ਰੀਤ ਕੋਹਲੀ ਨੇ ਦੱਸਿਆ ਕਿ ਜਿਨ੍ਹਾਂ ਕਲੱਬਾਂ, ਐਸ.ਐਨ.ਐਸ ਯੂਨਿਟਾਂ, ਰੈੱਡ ਰੀਬਨ ਕਲੱਬਾਂ ਵੱਲੋਂ ਮਾਸਕ ਬਣਾਏ ਗਏ, ਰਾਸ਼ਨ ਵੰਡਿਆ ਗਿਆ ਜਾਂ ਨਾਕੇ ਲਗਾਏ ਗਏ, ਉਨ੍ਹਾਂ ਵਿਚ ਹਿੰਦੂ ਕੰਨਿਆ ਕਾਲਜੀਏਟ ਸਕੂਲ, ਹਿੰਦੂ ਕੰਨਿਆ ਕਾਲਜ, ਕਮਲਾ ਨਹਿਰੂ ਕਾਲਜ, ਕਮਲਾ ਨਹਿਰੂ ਕਾਲਜ ਆਫ਼ ਐਜੂਕੇਸ਼ਨ, ਐਮ.ਜੀ.ਐਨ ਕਾਲਜ ਆਫ਼ ਐਜੂਕੇਸ਼ਨ ਕਪੂਰਥਲਾ, ਜੀ.ਐਨ.ਬੀ.ਐਲ ਕਾਲਜ ਫਗਵਾੜਾ, ਆਈ.ਟੀ.ਆਈ ਕਪੂਰਥਲਾ, ਐਸ.ਡੀ ਕਾਲਜ ਸੁਲਤਾਨਪੁਰ ਲੋਧੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ, ਰਾਣੀਪੁਰ, ਦਿਆਲਪੁਰ, ਖੈੜਾ ਦੋਨਾ ਅਤੇ ਨੂਰਪੁਰ ਲੁਬਾਣਾ, ਖਾਲਸਾ ਕਾਲਜ ਡੁਮੇਲੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ, ਸਰਕਾਰੀ ਕਾਲਜ ਭੁਲੱਥ, ਯੁਵਕ ਸੇਵਾਵਾਂ ਕਲੱਬ ਸੁਲਤਾਨਪੁਰ ਲੋਧੀ, ਬੂੜੇਵਾਲ, ਫਜੀਆਬਾਦ, ਕਰਮਜੀਤਪੁਰ, ਮਨਸੂਰਵਾਲ ਬੇਟ ਅਤੇ ਪੀਰ ਬਖ਼ਸ ਨਡਾਲਾ ਆਦਿ ਸ਼ਾਮਿਲ ਹਨ।
Punjab Post Daily Online Newspaper & Print Media