Monday, March 23, 2026

ਘਨੌਰੀ ਖੁਰਦ ਦੀ ਰਹਿਣ ਵਾਲੀ ਮਾਂ-ਧੀ ਸਮੇਤ 6 ਮਰੀਜ਼ਾਂ ਵਲੋਂ ਕੋਵਿਡ-19 ਨੂੰ ਮਾਤ

ਕੋਰੋਨਾ ਵਾਇਰਸ ਤੋਂ ਬਚਣ ਲਈ ਤੇ ਆਪਸੀ ਦੂਰੀ ਦਾ ਖਿਆਲ ਰੱਖਣਾ ਜ਼ਰੂਰੀ – ਡੀ.ਸੀ

ਸੰਗਰੂਰ, 9 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਨੂੰ ਮਾਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਅੱਜ ਜ਼ਿਲਾ ਸੰਗਰੂਰ ’ਚ 6 ਮਰੀਜ਼ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਮਾਤ ਦੇਣ ਵਾਲੇ ਇਨਾਂ 6 ਮਰੀਜ਼ਾਂ ’ਚ ਘਨੌਰੀ ਖੁਰਦ ਦੀ ਰਹਿਣ ਵਾਲੀ 39 ਸਾਲਾ ਔਰਤ ਅਤੇ ਉਸ ਦੀ 13 ਸਾਲਾ ਧੀ ਵੀ ਸ਼ਾਮਲ ਹਨ।ਉਨਾਂ ਕਿਹਾ ਕਿ 6 ਹੋਰ ਮਰੀਜ਼ਾਂ ਦੇ ਸਿਹਤਯਾਬ ਹੋ ਕੇ ਘਰ ਪਰਤਣ ਨਾਲ ਹੁਣ ਸੰਗਰੂਰ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 19 ਤੋਂ ਘਟ ਕੇ 13 ਰਹਿ ਗਈ ਹੈ।
               ਥੋਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਧੂਰੀ ਦੇ ਰਹਿਣ ਵਾਲੇ 55 ਸਾਲਾ ਬਜ਼ੁਰਗ ਨੇ ਵੀ ਸਫ਼ਲ ਇਲਾਜ ਤੋਂ ਬਾਅਦ ਘਰ ਵਾਪਸੀ ਕੀਤੀ ਹੈ ਹਾਲਾਂਕਿ ਉਹ ਪਿਛਲੇ 12 ਸਾਲਾਂ ਤੋਂ ਅਸਥਮਾ ਦੀ ਬਿਮਾਰੀ ਤੋਂ ਵੀ ਪੀੜਤ ਸੀ।ਉਨਾਂ ਕਿਹਾ ਕਿ ਬਾਕੀ 3 ਮਰੀਜ਼ਾਂ ’ਚ ਪਿੰਡ ਕਾਕੜਾ ਦੀ ਰਹਿਣ ਵਾਲੀ 55 ਸਾਲਾ ਬਜ਼ੁਰਗ ਮਹਿਲਾ, ਬਖੋਪੀਰ ਦੀ ਰਹਿਣ ਵਾਲੀ 28 ਸਾਲਾ ਔਰਤ ਤੇ ਨੰਦਗੜ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਮਰੀਜ਼ਾਂ ਦੇ ਸੈਂਪਲ 30 ਮਈ ਨੂੰ ਲਏ ਗਏ ਸਨ ਤੇ ਪਾਜ਼ਟਿਵ ਪਾਏ ਜਾਣ ’ਤੇ ਇਨਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਰੱਖਿਆ ਗਿਆ ਸੀ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ ’ਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਢੁੱਕਵੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਥੇ ਮੈਡੀਕਲ ਸਟਾਫ ਦੀ ਤੈਨਾਤੀ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵਲੋਂ ਆਪਣੇ ਪੱਧਰ ’ਤੇ ਪਾਈਪ ਰਾਹੀਂ ਆਕਸੀਜਨ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
                 ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਕਰਫਿਊ ’ਚ ਢਿੱਲ ਦਿੱਤੀ ਗਈ ਹੈ, ਪਰ ਸਾਨੂੰ ਆਪਣੇ ਬਚਾਅ ਲਈ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਉਨਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ ਤੇ ਇੱਕ ਦੂਜੇ ਤੋਂ ਆਪਸੀ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਜ਼ਰੂਰੀ ਲੋੜ ਪੈਣ ’ਤੇ ਹੀ ਭੀੜ ਵਾਲੀ ਥਾਂ ਦਾ ਦੌਰਾ ਕੀਤਾ ਜਾਵੇ।
            ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਮ.ਓ ਸੰਗਰੂਰ ਡਾ. ਬਲਜੀਤ ਸਿੰਘ, ਹਸਪਤਾਲ ਪ੍ਰਬੰਧਕ ਡਾ. ਸੁਹਾਨੀ ਹਿਨਾ ਸਮੇਤ ਸਮੁੱਚੀ ਮੈਡੀਕਲ ਤੇ ਪ੍ਰਬੰਧਕੀ ਟੀਮ ਹਾਜ਼ਰ ਸੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …