Friday, April 17, 2026

ਲੋੜਵੰਦ ਕਿੰਨਰਾਂ ਦੇ ਚੁੱਲੇ ਵੀ ਤੱਪਦੇ ਰੱਖਣ ਲਈ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ

ਕਿਸੇ ਵੀ ਜਰੂਰਤਮੰਦ ਨੂੰ ਭੁੱਖਿਆਂ ਨਹੀਂ ਰਹਿਣ ਦੇਵਾਂਗੇ – ਡਾ.ਓਬਰਾਏ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ) – ਆਪਣੀ ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਵੱਡੇ ਸੇਵਾ ਕਾਰਜ ਕਰਨ ਵਾਲੇ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਪੰਜਾਬ ਭਰ `ਚ ਲੋੜਵੰਦ ਕਿਨਰਾਂ ਨੂੰ ਵੀ ਸੁੱਕਾ ਰਾਸ਼ਨ ਦਿੱਤਾ ਜਾਵੇਗਾ।
              ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਹਰ ਮਹੀਨੇ ਕਰੀਬ 60 ਹਜ਼ਾਰ ਲੋੜਵੰਦ ਪਰਿਵਾਰਾਂ ਭਾਵ 3 ਲੱਖ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਅਤੇ ਮੀਡੀਆ `ਚ ਆਈਆਂ ਸਨ ਕਿ ਲੋਕਾਂ ਦੀਆਂ ਖੁਸ਼ੀਆਂ `ਚੋਂ ਹੀ ਆਪਣੀਆਂ ਖੁਸ਼ੀਆਂ ਲੱਭਣ ਵਾਲੇ ਕਿਨਰਾਂ ਦੇ ਬਹੁਤ ਸਾਰੇ ਮੈਂਬਰ ਦਾ ਇਸ ਬਿਪਤਾ ਦੀ ਘੜੀ `ਚ ਗੁਜ਼ਾਰਾ ਔਖਾ ਹੋ ਗਿਆ ਹੈ।ਇਸੇ ਦੇ ਮੱਦੇਨਜ਼ਰ ਟਰੱਸਟ ਨੇ ਫ਼ੈਸਲਾ ਕੀਤਾ ਹੈ ਕਿ ਜੂਨ ਮਹੀਨੇ ਤੋਂ ਇਸ ਵਰਗ ਨੂੰ ਵੀ ਆਉਂਦੇ ਚਾਰ ਮਹੀਨਿਆਂ ਲਈ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਵਰਗ ਨਾਲ ਸਬੰਧਤ ਲੋੜਵੰਦ ਟਰੱਸਟ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਜਾਂ ਆਪੋ-ਆਪਣੇ ਜ਼ਿਲ੍ਹੇ ‘ਚ ਟਰੱਸਟ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ।
            ਉਨ੍ਹਾਂ ਕਿਹਾ ਕਿ ਜਦ ਤੱਕ ਇਹ ਬਿਪਤਾ ਟਲ ਨਹੀਂ ਜਾਂਦੀ ਤਦ ਤੱਕ ਸਾਰੇ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …