ਦੋ ਦਿਨ ਦੇ ਲੌਕਡਾਊਨ ਕਾਰਨ ਇੱਕ ਦਿਨ ਪਹਿਲਾਂ ਹੀ ਪਾਉਣਾ ਪਿਆ ਗਿਆ ਭੋਗ
ਸਮਰਾਲਾ, 13 ਜੂਨ (ਪੰਜਾਬ ਪੋਸਟ -ਕੰਗ) – ਪੰਜਾਬੀ ਸਾਹਿਤ ਦੀ ਉਘੀ ਸਖਸ਼ੀਅਤ ਪ੍ਰੋ. ਹਮਦਰਵੀਰ ਨੌਸ਼ਹਿਰਵੀ, ਜੋ ਬੀਤੀ 2 ਜੂਨ ਨੂੰ ਦਿਲ ਦਾ ਦੌਰਾ ਪੈਣ
ਕਾਰਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਉਨ੍ਹਾਂ ਦੇ ਗ੍ਰਹਿ ਕਵਿਤਾ ਭਵਨ ਵਿਖੇ ਭੋਗ ਵਿੱਚ ਇਲਾਕੇ ਦੀਆਂ ਸਾਹਿਤਕ ਸਖਸ਼ੀਅਤਾਂ ਅਤੇ ਸਕੇ ਸਬੰਧੀਆਂ ਨੇ ਸ਼ਮੂਲੀਅਤ ਕੀਤੀ।ਰਾਗੀ ਜਥੇ ਦੇ ਵੈਰਾਗਮਈ ਕੀਰਤਨ ਉਪਰੰਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਉਘੇ ਲੇਖਕ ਹਮਦਰਦਵੀਰ ਨੌਸ਼ਹਿਰਵੀ (ਪ੍ਰੋ, ਬੂਟਾ ਸਿੰਘ ਪਨੂੰ) ਦੀ ਜ਼ਿੰਦਗੀ ਅਤੇ ਸਾਹਿਤਕ ਜੀਵਨ ‘ਤੇ ਵਿਸਥਾਰ ਪੂਰਵਕ ਗੱਲ ਕਰਦਿਆਂ ਕਿਹਾ ਕਿ ਪ੍ਰੋ. ਪਨੂੰ ਨੇ ਜਿਥੇ ਲਗਭਗ 40 ਸਾਲ ਮਾਲਵਾ ਕਾਲਜ ਵਿਖੇ ਰਾਜਨੀਤੀ ਸਾਸ਼ਤਰ ਦੇ ਪ੍ਰੋਫੈਸਰ ਵਜੋਂ ਵਿਦਿਆਰਥੀ ਵਰਗ ਨੂੰ ਅਗਾਂਹਵਧੂ ਦ੍ਰਿਸ਼ਟੀ ਪ੍ਰਦਾਨ ਕੀਤੀ ਉਥੇ ਉਹ ਕਾਲਜ ਦੀਆਂ ਹਰ ਤਰ੍ਹਾਂ ਦੀਆਂ ਸਭਿਆਚਾਰਕ ਸਰਗਰਮੀਆਂ ਦਾ ਧੁਰਾ ਵੀ ਰਹੇ।ਕਾਲਜ ਟੀਚਰ ਯੂਨੀਅਨ, ਕਿਰਤੀ ਜਥੇਬੰਦੀਆਂ, ਪਲਸ ਮੰਚ, ਜਮਹੂਰੀ ਅਧਿਕਾਰ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਆਦਿ ਜਥੇਬੰਦੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਉਹਨਾਂ ਨੇ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ।ਉਨ੍ਹਾਂ ਨੇ ਕਵਿਤਾ, ਕਹਾਣੀ, ਸਵੈ ਜੀਵਨਾਤਮਕ ਨਿਬੰਧ, ਸਾਹਿਤਕ ਅਲੋਚਨਾ ਆਦਿ ਨਾਲ ਸਬੰਧਿਤ 35 ਪੁਸਤਕਾਂ ਲਿਖੀਆਂ ਅਤੇ ਉਨ੍ਹਾਂ ਦੀਆਂ ਅਨੇਕਾਂ ਰਚਨਾਵਾਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ।ਉਨ੍ਹਾਂ ਨੂੰ ਪੰਜਾਬ ਦੇ ਹਰ ਕੋਨੇ ਵਿੱਚੋਂ ਸਾਹਿਤ ਸਭਾਵਾਂ ਨੇ ਸਨਮਾਨ ਦਿੱਤੇ।ਦੂਰਦਰਸ਼ਨ ਅਤੇ ਰੇਡੀਓ ਜਲੰਧਰ ਉਪਰ ਉਹ ਜਿੱਥੇ ਅਨੇਕਾਂ ਕਵੀ ਦਰਬਾਰਾਂ ਵਿੱਚ ਸ਼ਾਮਲ ਹੋਏ, ਉਥੇ ਆਪਣੇ ਸਾਹਿਤਕ ਸਫਰ ਨਾਲ ਸਬੰਧਿਤ 30 ਵਾਰ ਇਨ੍ਹਾਂ ਅਦਾਰਿਆਂ ਦੇ ਰਾਹੀਂ ਦਰਸ਼ਕਾਂ, ਸਰੋਤਿਆਂ ਦੇ ਰੂਬਰੂ ਵੀ ਹੋਏ।ਉਨ੍ਹਾਂ ਦੀਆਂ ਅਖ਼ਬਾਰਾਂ, ਰਸਾਲਿਆਂ ਵਿੱਚ ਨਿੱਤ ਛੱਪਦੀਆਂ ਲਿਖਤਾਂ ਨੇ ਉਨ੍ਹਾਂ ਦੇ ਲੱਖਾਂ ਪਾਠਕ ਪੈਦਾ ਕੀਤੇ ਅਤੇ ਸਮਰਾਲਾ ਇਲਾਕੇ ਵਿੱਚ ਉਨ੍ਹਾਂ ਦੇ ਵਿਦਿਆਰਥੀ ਅਤੇ ਸਾਹਿਤਕ ਸਾਥੀ ਉਨ੍ਹਾਂ ਕੋਲ ਕਵਿਤਾ ਭਵਨ ਵਿਖੇ ਆ ਕੇ ਦੁਖ ਸੁਖ ਸਾਂਝਾ ਕਰਦੇ ਰਹੇ।
ਜਿਕਰਯੋਗ ਹੈ ਕਿ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਭੋਗ ਪਰਿਵਾਰ ਵਲੋਂ 13 ਜੂਨ ਸ਼ਨੀਵਾਰ ਨੂੰ ਪਾਇਆ ਜਾਣਾ ਸੀ, ਪ੍ਰੰਤੂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੋ ਦਿਨ ਦੇ ਲੌਕਡਾਊਨ ਕਾਰਨ ਇਹ ਰਸਮ ਇੱਕ ਦਿਨ ਪਹਿਲਾਂ ਅੱਜ 12 ਜੂਨ ਨੂੰ ਹੀ ਕਰਨੀ ਪਈ।ਪਰਿਵਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਦਸੰਬਰ ਮਹੀਨੇ ਵਿੱਚ ਪ੍ਰੋ. ਹਮਦਰਵੀਰ ਨੌਸ਼ਹਿਰਵੀ ਦੀ ਯਾਦ ਨੂੰ ਸਮਰਪਿਤ ਇੱਕ ਵੱਡਾ ਸਾਹਿਤਕ ਪ੍ਰੋਗਰਾਮ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਦੇ ਨਾਮਵਰ ਲੇਖਕ ਅਤੇ ਬੁੱਧੀਜੀਵੀ ਸ਼ਿਰਕਤ ਕਰਨਗੇ।
ਸ਼ਰਧਾਂਜਲੀ ਸਮਾਗਮ ਮੌਕੇ ਲੇਖਕ ਮੰਚ ਸਮਰਾਲਾ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਧਾਨ ਦਲਜੀਤ ਸਿੰਘ ਸ਼ਾਹੀ, ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ ਸਕੱਤਰ ਦੀਪ ਦਿਲਬਰ, ਮੇਘ ਸਿੰਘ ਜਵੰਦਾ, ਸਾਹਿਤ ਸਭਾ ਮਾਛੀਵਾੜਾ ਵਲੋਂ ਬਲਜਿੰਦਰ ਸਿੰਘ ਮਾਛੀਵਾੜਾ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ ਸਿਹਾਲਾ, ਅਕਸ ਰੰਗਮੰਚ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ, ਪੰਜਾਬੀ ਸੱਥ ਬਰਵਾਲੀ ਦੇ ਮੁੱਖ ਨਿਰਗਾਨ ਗੁਰਦੀਪ ਸਿੰਘ ਕੰਗ, ਅਧਿਆਪਕ ਚੇਤਨਾ ਮੰਚ ਵਲੋਂ ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਗੁਰਮਤਿ ਪ੍ਰਚਾਰ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਬਲਾਲਾ, ਫਾਰਮਾਸਿਸਟ ਐਸੋ: ਵੱਲੋਂ ਹਰਜਿੰਦਰਪਾਲ ਸਿੰਘ, ਕਰਮਜੀਤ ਸਿੰਘ ਅਜਾਦ, ਹਰਬੰਸ ਸਿੰਘ ਮਾਲਵਾ, ਬਲਵੀਰ ਸਿੰਘ ਬਘੌਰ, ਜੁਆਲਾ ਸਿੰਘ ਥਿੰਦ, ਸੂਰੀਆ ਕਾਂਤ ਵਰਮਾ, ਬੰਤ ਸਿੰਘ ਖਾਲਸਾ ਤੋਂ ਇਲਾਵਾ ਪ੍ਰੋ. ਨੌਸ਼ਹਿਰਵੀ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਜਵਾਈ ਕਰਨੈਲ ਸਿੰਘ ਸਾਬਕਾ ਡਾਇਰੈਕਟਰ ਖਾਦੀ ਗ੍ਰਾਮ ਉਦਯੋਗ, ਨਿਰਮਲ ਸਿੰਘ ਸੰਧੂ ਸਾਬਕਾ ਸੰਪਾਦਕ ਅੰਗਰੇਜ਼ੀ ਟ੍ਰਿਬਿਊਨ ਅਤੇ ਬੇਟੀਆਂ ਨਵਸੰਗੀਤ, ਨਵਕਵਿਤਾ, ਬੇਟਾ ਨਵਚੇਤਨ ਵੇਗ ਅਤੇ ਸਕੇ ਸਬੰਧੀ ਸ਼ਾਮਲ ਹੋਏ।ਲੌਕਡਾਊਨ ਦੇ ਚੱਲਦਿਆਂ ਉਪਰੋਕਤ ਸੰਸਥਾਵਾਂ ਤੋਂ ਇਲਾਵਾ ਪੰਜਾਬੀ ਗਜ਼ਲ ਮੰਚ ਫਿਲੌਰ, ਪਲਸ ਮੰਚ ਪੰਜਾਬ, ਕਾਮਾਗਾਟਾ ਯਾਦਗਾਰੀ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬੀ ਸਾਹਿਤ ਸਭਾ ਬੋਹਾ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ, ਲੋਕ ਸੰਘਰਸ਼ ਕਮੇਟੀ ਮਾਛੀਵਾੜਾ/ਸਮਰਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ/ਮਾਛੀਵਾੜਾ, ਦਿਲਦੀਪ ਪ੍ਰਕਾਸ਼ਨ ਸਮਰਾਲਾ, ਮਾਲਵਾ ਐਜੂਕੇਸ਼ਨ ਕੌਂਸਲ ਬੌਂਦਲੀ ਸਮਰਾਲਾ, ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਆਦਿ ਸੰਸਥਾਵਾਂ ਨੇ ਸ਼ੋਕ ਮਤੇ ਭੇਜੇ ਹਨ, ਜਦਕਿ ਅਦਾਰਾ ਪੰਜਾਬ ਪੋਸਟ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Punjab Post Daily Online Newspaper & Print Media