ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
ਕਪੂਰਥਲਾ, 15 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਦੇ ਮੰਤਵ ਨਾਲ ਸੂਬਾ ਸਰਕਾਰ ਰੁੱਖਾਂ ਹੇਠ ਰਕਬਾ ਵਧਾਉਣ 
ਲਈ ਯਤਨਸ਼ੀਲ ਹੈ।ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪਹਿਲ ਸਦਕਾ ਬਰਸਾਤ ਦੇ ਮੌਸਮ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਮੁਢਲੀ ਕੜੀ ਵਜੋਂ ਪਿੰਡਾਂ ਵਿਚ ਟੋਏ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਦੀਆਂ ਹਦਾਇਤਾਂ ਅਨੁਸਾਰ ਅਜਿਹਾ ਕਰਕੇ ਪਿੰਡਾਂ ਦੇ ਮਨਰੇਗਾ ਵਰਕਰਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਡਡਵਿੰਡੀ, ਕਮਾਲਪੁਰ ਅਤੇ ਢਪੱਈ ਦਾ ਦੌਰਾ ਕਰਨ ਸਮੇਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮਾਰੂ ਪ੍ਰਭਾਵ ਤੋਂ ਮੁਕਤ ਰੱਖਣ ਲਈ ਵਰਕਰਾਂ ਵਿੱਚ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਹੱਥ ਧੋਣ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਬੰਧਤ ਸਾਂਝੀਆਂ ਥਾਵਾਂ, ਜਿਵੇਂ ਖੇਡ ਮੈਦਾਨਾਂ, ਨਹਿਰੀ ਖਾਲ਼ਾਂ ਅਤੇ ਲਿੰਕ ਸੜਕਾਂ ਉੱਪਰ ਖਾਲੀ ਥਾਵਾਂ ਦੀ ਸ਼ਨਾਖ਼ਤ ਕਰਕੇ ਉਥੇ ਟੋਏ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਬਰਸਾਤ ਦੀ ਸ਼ੁਰੂਆਤ ਵਿਚ ਹੀ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਸਕੇ ਅਤੇ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਪੌਦਿਆਂ ਦੀ ਨਰੋਈ ਸਿਹਤ ਯਕੀਨੀ ਬਣਾਈ ਜਾ ਸਕੇ।
ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਲਗਾਏ ਗਏ ਪੌਦਿਆਂ ਵਿਚੋਂ ਨਾ ਚੱਲੇ ਪੌਦਿਆਂ ਦੀ ਜਗ੍ਹਾ ’ਤੇ ਨਵੇਂ ਬੂਟੇ ਲਗਾਏ ਜਾਣ ਦੀ ਕਾਰਵਾਈ ਬਰਸਾਤ ਵਿਚ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲਿੰਕ ਸੜਕਾਂ ’ਤੇ ਫੁੱਲਦਾਰ ਪੌਦੇ ਅਤੇ ਸਾਂਝੀਆਂ ਥਾਵਾਂ ਜਿਵੇਂ ਸਮਸ਼ਾਨਘਾਟ ਅਤੇ ਖੇਡ ਮੈਦਾਨਾਂ ਵਿਚ ਛਾਂਦਾਰ ਪੌਦੇ ਲਗਾਏ ਜਾਣ ਦੀ ਤਜਵੀਜ਼ ਹੈ।ਉਨ੍ਹਾਂ ਕਿਹਾ ਕਿ ਪਲਾਂਟੇਸ਼ਨ ਸੀਜ਼ਨ ਵਿਚ ਪੌਦੇ ਲਗਾਉਣ ਲਈ ਮਨਰੇਗਾ ਨਰਸਰੀਆਂ ਵਿਚ ਪਹਿਲਾਂ ਹੀ ਵੱਡੀ ਗਿਣਤੀ ਪੌਦੇ ਤਿਆਰ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਬੀ.ਡੀ.ਪੀ.ਓ ਕਪੂਰਥਲਾ ਅਮਰਜੀਤ ਸਿੰਘ, ਆਈ.ਟੀ ਮੈਨੇਜਰ ਮਨਰੇਗਾ ਰਾਜੇਸ਼ ਰਾਏ, ਏ.ਪੀ.ਓ ਵਿਸ਼ਾਲ ਅਰੋੜਾ ਅਤੇ ਰੋਜ਼ਗਾਰ ਸਹਾਇਕ ਸੁਰਜੀਤ ਭੱਟੀ ਹਾਜ਼ਰ ਸਨ।
Punjab Post Daily Online Newspaper & Print Media