ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ
ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੌਕਡਾਊਨ ਦੇ ਨਾਮ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਜ਼ਮੀਨੀ ਪੱਧਰ `ਤੇ ਕੰਮ ਕੀਤੇ ਬਿਨਾਂ ਹੀ ਕਈ-ਕਈ ਫੈਸਲੇ ਲੈ ਕੇ ਵਪਾਰੀ ਵਰਗ ਨੂੰ `ਮਰਜ਼ਾ ਚਿੜੀਏ, ਜਿਓ ਜਾਹ ਚਿੜੀਏ` ਵਾਲੀ ਖੇਡ `ਚ ਉਲਝਾ ਕੇ ਰੱਖ ਦਿੱਤਾ ਹੈ, ਕਿਉਂਕਿ ਪ੍ਰਸਾਸ਼ਨ ਵਲੋਂ ਵਪਾਰੀਆਂ ਨੂੰ ਹੋਰ ਹੁਕਮ ਚਾੜ ਦਿੱਤੇ ਜਾਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਵਿੱਚ ਬੈਠ ਕੇ ਕੋਈ ਹੋਰ ਫੁਰਮਾਨ ਜਾਰੀ ਕਰੀ ਜਾ ਰਿਹਾ ਹੈ।
ਪੰਜਾਬ ਦੇ ਦੁਕਾਨਦਾਰ ਜਿਹੜੇ ਪਿਛਲੀ ਤਾਲਾਬੰਦੀ ਦੇ ਚੱਲਦੇ ਪਹਿਲਾਂ ਹੀ ਆਰਥਿਕ ਤੰਗੀ ਨਾਲ ਲੜਾਈ ਲੜ ਰਹੇ ਹਨ, ਨੂੰ ਅਜਿਹੇ ਗੁੰਮਰਾਹ ਕਰਨ ਵਾਲੇ ਹੁਕਮ ਹੋਰ ਵੀ ਤੰਗ ਪ੍ਰੇਸ਼ਾਨ ਕਰ ਰਹੇ ਹਨ।ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੇ ਕਾਰੋਬਾਰ ਅਤੇ ਆਵਾਜਾਈ ਬੰਦ ਰੱਖਣ ਦੇ ਹੁਕਮਾਂ ਨੂੰ ਸਪੱਸ਼ਟ ਰੂਪ `ਚ ਜਾਰੀ ਕਰਨਾ ਚਾਹੀਦਾ ਸੀ।ਇਹ ਗੱਲ ਪੂਰੀ ਤਰਾਂ ਸਪੱਸ਼ਟ ਨਾ ਹੋਣ ਕਰਕੇ ਦੁਕਾਨਦਾਰਾਂ `ਚ ਭੰਬਲਭੂਸੇ ਵਾਲੀ ਸਥਿਤੀ ਪੈਦੀ ਹੋਈ ਰਹੀ।ਉਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਮ ਲੋਕਾਂ ਦੇ ਵਪਾਰ ਸ਼ਾਮ ਦੇ 5 ਵਜੇ ਤੱਕ ਅਤੇ ਸ਼ਰਾਬ ਦੇ ਠੇਕੇ ਰਾਤ ਦੇ 8 ਵਜੇ ਤੱਕ ਖੋਲਣ ਦੇ ਹੁਕਮਾਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਦਾ ਧਿਆਨ ਸਿਰਫ ਤੇ ਸਿਰਫ ਆਪਣਾ ਖਜ਼ਾਨਾ ਭਰਨ ਵੱਲ ਹੈ, ਜਦਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਵੀ ਪ੍ਰਵਾਹ ਨਹੀ ਹੈ।ਪਰ ਹੁਣ ਪੰਜਾਬ ਦੇ ਲੋਕ ਹਰ ਗੱਲ ਨੂੰ ਬਹੁਤ ਬਾਰੀਕੀ ਨਾਲ ਸਮਝ ਰਹੇ ਹਨ।ਜਿਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਦੱਸਣਗੇ।
ਇਸ ਮੌਕੇ ਉਨਾਂ ਨਾਲ ਆਪ ਦੇ ਸੂਬਾਈ ਆਗੂ ਸ੍ਰੀਰਾਮ ਗੋਇਲ ਵੀ ਹਾਜ਼ਰ ਸਨ।
Punjab Post Daily Online Newspaper & Print Media