ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਸੁਲਤਾਨਪੁਰ ਲੋਧੀ, 18 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ
ਅਧਿਕਾਰੀਆਂ ਨਾਲ ਦਰਿਆ ਨਾਲ ਲੱਗਦੇ ਉਨ੍ਹਾਂ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ, ਜਿਥੇ ਬੀਤੇ ਵਰ੍ਹੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ।ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਕੰਮ ਮੁਕੰਮਲ ਕਰ ਲਏ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿਵਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਰਸਾਤ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹੜ੍ਹਾਂ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ।ਉਨ੍ਹਾਂ ਭਰੋਆਣਾ, ਲੱਖ ਵਰ੍ਹਿਆਂ, ਬਾਊਪੁਰ, ਸਰੂਪਵਾਲ, ਪੱਸਣ ਕਦੀਮ, ਟਿੱਬੀ, ਮੰਡ ਇੰਦਰਪੁਰ ਅਤੇ ਹੋਰਨਾਂ ਉਨ੍ਹਾਂ ਖੇਤਰਾਂ ਦਾ ਜਾਇਜ਼ਾ ਲਿਆ, ਜਿਹੜੇ ਹਰ ਸਾਲ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰੰਤੂ ਪਿਛਲੇ ਸਾਲ ਹੜ੍ਹ ਆਉਣ ਕਾਰਨ ਬਹੁਤ ਵੱਡੇ ਰਕਬੇ ਦਾ ਨੁਕਸਾਨ ਹੋਇਆ ਸੀ।ਇਸ ਦੌਰਾਨ ਉਨ੍ਹਾਂ ਨਾਜ਼ੁਕ ਥਾਵਾਂ ’ਤੇ ਚੱਲ ਰਹੇ ਮਜ਼ਬੂਤੀ ਦੇ ਕਾਰਜਾਂ ਦਾ ਵੀ ਜਾਇਜ਼ਾ ਲਿਆ।
ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਹਲਕਾ ਸੁਲਤਾਨਪੁਰ ਲੋਧੀ ਦੇ ਦਰਿਆ ਕੰਢੇ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਉਨ੍ਹਾਂ ਨੇ ਪਿਛਲੇ ਹੜ੍ਹਾਂ ਦੌਰਾਨ ਖ਼ੁਦ ਤਬਹੀ ਦਾ ਮੰਜ਼ਰ ਵੇਖਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਸਾਲ ਅਜਿਹੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬੰਨ੍ਹਾਂ ਦੀ ਮਜ਼ਬੂਤੀ ਲਈ ਹਰੇਕ ਸੰਭਵ ਕਦਮ ਚੁੱਕੇ ਜਾਣਗੇ ਅਤੇ ਸਰਕਾਰ ਪਾਸੋਂ ਇਸ ਸਬੰਧੀ ਲੋੜੀਂਦੇ ਫੰਡ ਜਾਰੀ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੰਡ ਬਾਊਪੁਰ ਵਿਖੇ ਪਲਟੂਨ ਪੁਲ ਦੀ ਥਾਂ ਨਵਾਂ ਸਥਾਈ ਪੁਲ ਜਲਦ ਹੀ ਚਾਲੂ ਕੀਤਾ ਜਾਵੇਗਾ, ਜਿਹੜਾ ਕਿ ਦਰਿਆ ਵਿਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਅਜੇ ਮੁਕੰਮਲ ਨਹੀਂ ਹੋ ਸਕਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜਾਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਨੂੰ ਨਾਜ਼ੁਕ ਥਾਵਾਂ ਦੀ ਮਜ਼ਬੂਤੀ ਦੇ ਨਾਲ-ਨਾਲ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਦੇ ਕੰਮ ਨੂੰ ਵੀ ਮਿੱਥੇ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੀਆਂ ਪਹਿਲਾਂ ਹੀ ਡਿੳੂਟੀਆਂ ਲਗਾ ਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰਮਿਤਾ, ਐਸ.ਡੀ.ਓ ਡਰੇਨੇਜ ਕਮਲਜੀਤ ਲਾਲ, ਪਰਮਜੀਤ ਸਿੰਘ ਬਾਊਪੁਰ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਰਵਿੰਦਰ ਰਵੀ ਅਤੇ ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।
Punjab Post Daily Online Newspaper & Print Media