Monday, June 15, 2026

ਖਾਲਸਾ ਕਾਲਜ ਵਿਖੇ ਝੋਨੇ ਦੀ ਸਿੱਧੀ ਬਿਜ਼ਾਈ ਦੀ ਨਵੀਂ ਤਕਨੀਕ ਦੀ ਸ਼ੁਰੂਆਤ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਵਲੋਂ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਧਿਆਨ ’ਚ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜ਼ਾਈ ਦੀ ਨਵੀਂ ਤਕਨੀਕ ਦਾ ਆਰੰਭ ਪੰਜਾਬ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕੀਤਾ।ਚੀਫ਼ ਐਗਰੀਕਲਚਰ ਅਫ਼ਸਰ ਗੁਰਦਿਆਲ ਸਿੰਘ ਬੱਲ ਅਤੇ ਉਨ੍ਹਾਂ ਦੀ ਟੀਮ ਨੇ ਕਾਲਜ ਫ਼ਾਰਮ ’ਤੇ ਡੀ.ਐਸ.ਆਰ ਦੀ ਸਿਖਲਾਈ ਦਿੱਤੀ।
             ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ (ਫ਼ਾਰਮ ਸੈਕੇਟਰੀ) ਰਾਜਬੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਅਤੇ ਅਗਾਂਹਵਧੂ ਹੈ। ਪਰ ਅੱਜ ਪੰਜਾਬ ’ਚ ਪਾਣੀ ਦਾ ਸੰਕਟ ਗਹਿਰਾ ਗਿਆ ਹੈ, ਜਿਸ ਦਾ ਇਕ ਕਾਰਨ ਝੋਨੇ ’ਚ ਪਾਣੀ ਦੀ ਖੁੱਲੀ ਵਰਤੋਂ ਵੀ ਹੈ। ਉਨ੍ਹਾਂ ਕਿਹਾ ਕਿ 1 ਕਿਲੋ ਚਾਵਲ ਪੈਦਾ ਕਰਨ ਲਈ ਤਕਰੀਬਨ 5337 ਲੀਟਰ ਤੱਕ ਪਾਣੀ ਦੀ ਖੁੱਲੀ ਖ਼ਪਤ ਹੁੰਦੀ ਹੈ, ਜੋ ਕਿ 70% ਟਿਊਬਵੈੱਲਾਂ ਤੋਂ ਆਉਂਦਾ ਹੈ। ਜਿਸ ਨਾਲ ਅੱਜ ਪੰਜਾਬ ਦੇ 81% ਬਲਾਕ ਡਾਰਕ ਜੋਨ (ਜਿਥੇ ਪਾਣੀ ਤੇਜੀ ਨਾਲ ਥੱਲੇ੍ਹ ਗਿਆ) ’ਚ ਆ ਗਏ ਹਨ।ਸੋ ਇਸ ਸਮੱਸਿਆ ਦੇ ਹੱਲ ਲਈ ਝੋਨਾ ਬੀਜਣ ਦੀ ਇਕ ਨਵੀਂ ਤਕਨੀਕ (ਡੀ.ਐਸ.ਆਰ) ਜਿਸ ਰਾਹੀਂ ਝੋਨੇ ਦਾ ਬੀਜ ਡ੍ਰਿਲ ਰਾਹੀਂ ਸਿੱਧਾ ਵੱਤਰ ਖੇਤ ਕੇਰਿਆ ਜਾਂਦਾ ਹੈ ਅਤੇ ਪਹਿਲਾ ਪਾਣੀ 20 ਦਿਨਾਂ ਬਾਅਦ ਲਗਾਇਆ ਜਾਂਦਾ ਹੈ ਅਤੇ ਨਦੀਨ ਨਦੀਨ ਨਾਸ਼ਕਾਂ ਨਾਲ ਕੰਟ੍ਰੋਲ ਕੀਤੇ ਜਾਂਦੇ ਹਨ।
             ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਖੇਤ ’ਚ ਕੱਦੂ ਕਰਨ ਦੀ ਲੋੜ ਨਹੀ ਪੈਂਦੀ ਅਤੇ ਨਾ ਹੀ ਪਾਣੀ ਖੜ੍ਹਾ ਕਰਨਾ ਹੁੰਦਾ ਹੈ।ਇਸ ਤਰ੍ਹਾਂ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ।ਇਸ ਤੋਂ ਇਲਾਵਾ ਇਸ ਤਕਨੀਕ ਨਾਲ ਬੀਜੇ ਖੇਤ ’ਚ ਵਰਖਾ ਦਾ ਪਾਣੀ ਵੀ ਖੇਤ ’ਚ ਹੀ ਜੀਰ ਜਾਂਦਾ ਹੈ, ਜੋ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕੇਗਾ।ਇਸ ਦੇ ਉਲਟ ਕੱਦੂ ਕੀਤੇ ਖੇਤ ’ਚ ਵਰਖਾ ਦਾ ਜਿਆਦਾਤਰ ਪਾਣੀ ਜ਼ਮੀਨ ’ਚ ਨਾ ਜੀਰ ਕੇ ਹਵਾ ’ਚ ਉੱਡ ਜਾਂਦਾ ਸੀ, ਜੋ ਕਿ ਪੰਜਾਬ ’ਚ ਪਾਣੀ ਦੇ ਡੂੰਘੇ ਜਾਣ ਦਾ ਬਹੁਤ ਵੱਡਾ ਕਾਰਨ ਹੈ।
                 ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਪਾਣੀ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਸੰਭਾਲਣ ਲਈ ਬਹੁਤ ਜਾਗਰੂਕ ਅਤੇ ਅਗਾਂਹਵਧੂ ਹੋਣਾ ਪਵੇਗਾ। ਪੰਜਾਬ ਚਾਵਲ ਪੈਦਾ ਕਰਨ ਲਈ ਭਾਰਤ ਦਾ ਮੋਹਰੀ ਸੂਬਾ ਹੈ। ਪੰਜਾਬ ’ਚ 30 ਲੱਖ ਹੈਕਟੇਅਰ ਝੋਨਾ ਲਗਾਇਆ ਜਾਂਦਾ ਹੈ ਅਤੇ ਇਹ ਰਕਬਾ ਆਜ਼ਾਦੀ ਤੋਂ ਬਾਅਦ ਲਗਭਗ 10 ਗੁਣਾ ਵਧਿਆ ਹੈ, ਜਿਸ ਦਾ ਕਾਰਨ ਨਵੀਆਂ ਕਿਸਮਾਂ ਅਤੇ ਮੰਡੀ ’ਚ ਘੱਟੋਂ-ਘੱਟ ਸਮਰਥਣ ਮੁਲ ਦਾ ਯਕੀਨੀ ਮਿਲਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ 134 ਲੱਖ ਟਨ ਝੋਨਾ ਪੈਦਾ ਕੀਤਾ ਹੈ, ਜੋ ਕਿ ਇਕ ਰਿਕਾਰਡ ਹੈ।
ਇਸ ਦੌਰਾਨ ਐਗਰੀਕਲਚਰ ਵਿਭਾਗ ਦੇ ਮੁੱਖੀ ਡਾ. ਰਣਦੀਪ ਕੌਰ ਬੱਲ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਤਕਨੀਕ ਨਾਲ ਧਰਤੀ ਹੇਠਲੇ ਸਦੀਆ ਤੋਂ ਜਮ੍ਹਾ ਹੋਏ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ।
               ਇਸ ਮੌਕੇ ਗੁਰਦਿਆਲ ਸਿੰਘ ਬੱਲ, ਚੀਫ਼ ਐਗਰੀਕਲਚਰ ਅਫ਼ਸਰ ਅੰਮ੍ਰਿਤਸਰ, ਡਾ. ਰਣਬੀਰ ਸਿੰਘ ਰੰਧਾਵਾ ਐਗਰੀਕਲਚਰ ਇੰਜ਼ੀਨੀਅਰ ਅੰਮ੍ਰਿਤਸਰ ਅਤੇ ਮਸਤਿੰਦਰ ਸਿੰਘ ਹਾਜ਼ਰ ਸਨ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …