6 ਪੌਜਟਿਵ ਕੇਸ ਆਉਣ ’ਤੇ ਸਿੱਧੂ ਕਲੋਨੀ ਵਿਚ ਬਣਾਇਆ ਮਾਈਕਰੋ ਕੰਟੈਨਮੈਂਟ ਜ਼ੋਨ
ਪਟਿਆਲਾ 20 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1371 ਸੈਂਪਲਾਂ
ਵਿਚੋਂ 678 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿਚੋਂ ਸਾਰੇ ਹੀ ਕੋਵਿਡ ਨੈਗੇਟਿਵ ਪਾਏ ਗਏ ਹਨ ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਾ.ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਜੋ ਕਿ ਸੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹੈ ਅਤੇ ਸੀ.ਐਮ.ਸੀ ਵਿਖੇ ਉਸ ਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੌਜਟਿਵ ਪਾਇਆ ਗਿਆ ਹੈ ਜਿਸ ਦੀ ਸੂਚਨਾ ਸੀ.ਐਮ.ਸੀ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਪੌਜਟਿਵ ਕੇਸ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਪੌਜਟਿਵ ਕੇਸਾਂ ਵਿਚੋਂ ਇੱਕ ਵਿਅਕਤੀ ਦਾ ਪਤਾ ਦਿੱਲੀ ਹੋਣ ਕਾਰਨ ਉਸ ਨੂੰ ਦਿਲੀ ਵਿਖੇ ਹੀ ਗਿਣਿਆ ਜਾਵੇਗਾ। ਇਸ ਤਰਾਂ ਜ਼ਿਲ੍ਹੇ ਵਿਚ ਹੁਣ ਤੱਕ ਪੌਜਟਿਵ ਕੇਸਾਂ ਦੀ ਕੁੱਲ ਗਿਣਤੀ 208 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਕੋਵਿਡ ਕੇਅਰ ਸੈਂਟਰ ਤੋਂ ਤਿੰਨ ਮਰੀਜ਼ਾ ਨੂੰ ਗਾਈਡ ਲਾਈਨ ਅਨੁਸਾਰ 10 ਦਿਨ ਆਈਸੋਲੇਸ਼ਨ ਫੈਸੀਲਿਟੀ ਵਿੱਚ ਰੱਖਣ ਅਤੇ ਕਿਸੇ ਕਿਸਮ ਦੇ ਫਲੂ ਟਾਈਪ ਲੱਛਣ ਨਾ ਹੋਣ ’ਤੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਅਗਲੇ ਸੱਤ ਦਿਨਾਂ ਲਈ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਰਾਜਿੰਦਰਾ ਹਸਪਤਾਲ ਵਿਚੋਂ ਦੋ ਮਰੀਜ਼ਾਂ ਨੂੰ ਕੋਵਿਡ ਤੋਂ ਠੀਕ ਹੋਣ ਤੇ ਛੁੱਟੀ ਦੇਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਤਾਇਨਾਤ ਸਿੱਧੂ ਕਲੋਨੀ ਦੀ ਕੋਵਿਡ ਪੌਜਟਿਵ ਆਈ ਸਟਾਫ਼ ਨਰਸ ਦੇ ਨੇੜੇ ਅਤੇ ਦੂਰ ਦੇ ਸੰਪਰਕ ਵਿਚ ਸਿੱਧੂ ਕਲੋਨੀ ਦੇ 6 ਕੋਵਿਡ ਪੌਜਟਿਵ ਕੇਸ ਆਉਣ ਤੇ ਸਰਕਾਰ ਦੀਆਂ ਗਾਈਡ ਲਾਈਨਜ਼ ਅਨੁਸਾਰ ਪੌਜਟਿਵ ਕੇਸ ਦੇ ਆਲ਼ੇ ਦੁਆਲੇ ਦੇ 25 ਘਰਾਂ ਦੇ ਏਰੀਏ ਜਿਨ੍ਹਾਂ ਦੀ ਅਬਾਦੀ ਤਕਰੀਬਨ 107 ਬਣਦੀ ਹੈ, ਨੂੰ ਮਾਈਕਰੋ ਕੰਟੈਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ ਅਤੇ ਇਹਨਾਂ ਘਰਾਂ ਦੇ ਲੋਕਾਂ ਨੂੰ ਅਗਲੇ ਦੱਸ ਦਿਨਾਂ ਲਈ ਬਾਹਰ ਆਉਣ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ। ਇਸੇ ਤਰਾਂ ਅਰਬਨ ਅਸਟੇਟ ਵਿਚ ਸਥਿਤ ਇੱਕ ਨਿੱਜੀ ਹਸਪਤਾਲ ਜਿਥੇ ਕਿ ਬੀਤੇ ਦਿਨੀਂ ਯਾਦਵਿੰਦਰਾ ਕਲੋਨੀ ਦਾ ਕੋਵਿਡ ਪੌਜਟਿਵ ਮ੍ਰਿਤਕ ਬਜ਼ੁਰਗ ਬਿਮਾਰ ਹੋਣ ਤੇ ਦਾਖਲ ਹੋਇਆ ਸੀ, ਉਸ ਹਸਪਤਾਲ ਦਾ ਐਕਸਪੋਜਰ (ਇਨਫੈਕਸ਼ਨ ਦੇ ਫੈਲਾਅ) ਚੈਕ ਕਰਨ ਲਈ ਉਨ੍ਹਾਂ ਵੱਲੋਂ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਦੇ ਅਧਾਰ ਤੇ ਹਸਪਤਾਲ ਦੇ ਇੱਕ ਸਟਾਫ਼ ਮੈਂਬਰ ਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਬਾਕੀ ਸਟਾਫ਼ ਮੈਂਬਰਾਂ ਦੇ ਰੈਂਡਮਲੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਇਸ ਤੋਂ ਇਲਾਵਾ ਜਿਸ ਵਾਰਡ / ਕਮਰੇ ਵਿਚ ਮਰੀਜ਼ ਨੂੰ ਰੱਖਿਆ ਗਿਆ ਸੀ ਉਸ ਨੂੰ ਸੈਨੇਟਾਈਜ ਕਰਵਾ ਦਿੱਤਾ ਗਿਆ ਹੈ ਅਤੇ ਕਮਰੇ/ ਵਾਰਡ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰਵਾ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 750 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ ਪੌਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ. ਮਰੀਜ਼, ਸਿਹਤ ਵਿਭਾਗ ਦੇ ਫ਼ਰੰਟ ਲਾਈਨ ਵਰਕਰ, ਪੁਲਿਸ ਮੁਲਾਜ਼ਮ, ਸੈਨੇਟਰੀ ਵਰਕਰ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 16515 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ 208 ਕੋਵਿਡ ਪੌਜਟਿਵ,14843 ਨੈਗੇਟਿਵ ਅਤੇ 1444 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਚਾਰ ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 133 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 71 ਹੈ।
Punjab Post Daily Online Newspaper & Print Media