ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) – ਸੀਨੀਅਰ ਰਿਪੋਰਟਰ ਗੁਰਮੀਤ ਸਿੰਘ ਸੰਧੂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਕਾਮਰੇਡ
ਜਸਵੰਤ ਸਿੰਘ (80) ਸੇਵਾਮੁਕਤ ਰੇਲਵੇ ਅਧਿਕਾਰੀ ਤੇ ਰੇਲ ਟਰੇਡ ਯੂਨੀਅਨ ਆਗੂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।
ਜਿਕਰਯੋਗ ਹੈ ਕਿ ਕਾਮਰੇਡ ਜਸਵੰਤ ਸਿੰਘ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਚੱਲੇ ਆ ਰਹੇ ਸਨ ਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ਼ ਰਹਿਣ ਤੋਂ ਬਾਅਦ ਕੁੱਝ ਦਿਨ ਪਹਿਲਾਂ ਹੀ ਵਾਪਸ ਘਰ ਪਰਤੇ ਸਨ।ਇਸ ਦੁੱਖ ਦੀ ਘੜੀ ਵਿੱਚ ਕਈ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ, ਰੇਲ ਯੂਨੀਅਨਾਂ ਤੇ ਖੇਡ ਸੰਸਥਾਵਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਸਵ. ਕਾਮਰੇਡ ਜਸਵੰਤ ਸਿੰਘ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਕੋਰੋਨਾ ਵਾਇਰਸ ਦੇ ਕਾਰਨ ਨੇੜਲੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ, ਰੇਲ ਟਰੇਡ ਯੂਨੀਅਨਾਂ, ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਰਜਿ., ਵੈਟਰਨ ਐਥਲੈਟਿਕਸ ਐਸੋਸੀਏਸ਼ਨ, ਜੁਡੀਸ਼ੀਅਲ ਕੌਂਸਲ, ਫਰਸਟ ਫਲਾਇੰਗ ਇਮੀਗ੍ਰੇਸ਼ਨ, ਜੀ.ਐਨ.ਡੀ.ਯੂ ਐਨ.ਟੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਤੋਂ ਇਲਾਵਾ ਕਮਾਂਡੈਂਟ ਮੁਖਤਾਰ ਸਿੰਘ ਗਿੱਲ, ਕਾਮਰੇਡ ਅਸ਼ੋਕ ਕੁਮਾਰ, ਕਾਮਰੇਡ ਇਕਬਾਲ ਸਿੰਘ, ਕਾਮਰੇਡ ਅਵਤਾਰ ਸਿੰਘ, ਕਾਮਰੇਡ ਬਲਬੀਰ ਸਿੰਘ, ਐਸ.ਐਚ.ਓ ਬਲਜਿੰਦਰ ਸਿੰਘ ਢਿੱਲੋਂ, ਚੌਂਕੀ ਇੰਚਾਰਜ ਅਮਰ ਸਿੰਘ, ਜਸਪਾਲ ਸਿੰਘ ਸੰਧੂ ਆਦਿ ਵੱਲੋਂ ਸਵ. ਕਾਮਰੇਡ ਜਸਵੰਤ ਸਿੰਘ ਨੂੰ ਸੇਜਲ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ ਗਈ।ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਵੱਡੇ ਬੇਟੇ ਉਪਕਾਰ ਸਿੰਘ ਸੰਧੂ ਦੇ ਵੱਲੋਂ ਦਿੱਤੀ ਗਈ।
ਉਘੇ ਰੇਲ ਟਰੇਡ ਯੂਨੀਅਨ ਆਗੂ ਕਾਮਰੇਡ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵ. ਕਾਮਰੇਡ ਜਸਵੰਤ ਸਿੰਘ ਨੇ ਰੇਲਵੇ ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਲਈ ਸੰਨ 1970 ਦੇ ਦਹਾਕੇ ਤੋਂ ਲੈ ਕੇ ਆਪਣੀ ਸੇਵਾ ਮੁਕਤੀ ਤੱਕ ਕਈ ਸ਼ੰਘਰਸ਼ ਕੀਤੇ।ਉਨ੍ਹਾਂ ਦੱਸਿਆ ਕਿ ਉਹ ਰੇਲ ਟਰੇਡ ਯੂਨੀਅਨਾਂ ਦੇ ਬੇਤਾਜ਼ ਬਾਦਸ਼ਾਹ ਸਨ।ਰੇਲ ਗਲਿਆਰੇ ਦੇ ਵਿੱਚ ਉਨ੍ਹਾਂ ਦਾ ਨਾਮ ਅੱਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ।ਉਨ੍ਹਾਂ ਵੱਲੋਂ ਰੇਲ ਕਰਮਚਾਰੀਆਂ ਦੀਆਂ ਜ਼ਮਹੂਰੀ ਕਦਰਾਂ ਕੀਮਤਾਂ ਦੇ ਵਿੱਚ ਪਾਏ ਗਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media