
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ ਦੀਆਂ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਸਦਕਾ ਕਰਵਾਈ ਗਈ ਵਰਕਸ਼ਾਪ ‘ਚ ਸਰਕਾਰੀ ਗਰਲਜ਼ ਕਾਲਜ ਜਲਾਲਾਬਾਦ ਤੋਂ ਮੁੱਖ ਬੁਲਾਰੇ ਡਾ. ਪਰਮਿੰਦਰ ਕੌਰ ਨੇ ਸ਼ਿਰਕਤ ਕੀਤੀ।
ਪਿ੍ਰੰ: ਡਾ. ਰੰਧਾਵਾ ਨੇ ਡਾ. ਪਰਮਿੰਦਰ ਕੌਰ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਪੱਧਰ ’ਤੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁਲਿਤ ਕਰਨ ਲਈ ਵਿਭਾਗ ਵੱੱੱੱੱੱੱਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ ਸਾਡੀ ਵਿਲੱੱਖਣ ਪਛਾਣ ਅਤੇ ਮਾਣ ਦਾ ਪ੍ਰਤੀਕ ਹੈ।ਸਾਡੀਆਂ ਰਵਾਇਤੀ ਕਲਾਵਾਂ, ਹੱਥੀਂ ਕੀਤੀ ਕਢਾਈ, ਖਿਡੌਣੇ ਬਣਾਉਣ ਦੀ ਕਲਾ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਬਣਾਉਣ ਦੀਆਂ ਪੁਰਾਤਨ ਵਿਧੀਆਂ ਸਾਡੀਆਂ ਪੀੜ੍ਹੀਆਂ ਦੀ ਸਿਰਜਣਾਤਮਕਤਾ, ਮਿਹਨਤ ਅਤੇ ਹੁਨਰ ਦੀਆਂ ਪ੍ਰਤੀਕ ਹਨ।ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ’ਚ ਵੀ ਪੰਜਾਬ ਦੀਆਂ ਲੋਕ ਕਲਾਵਾਂ, ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਲਈ ਅਜਿਹੇ ਉਪਰਾਲੇ ਜਾਰੀ ਰੱਖੇਗਾ।
ਇਸ ਤੋਂ ਪਹਿਲਾਂ ਵਰਕਸ਼ਾਪ ਦੇ ਕਨਵੀਨਰ ਡਾ. ਦਵਿੰਦਰ ਕੌਰ ਨੇ ਡਾ. ਪਰਮਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨਾਲ ਜਾਣ ਪਛਾਣ ਕਰਵਾਈ।ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਆਧੁਨਿਕਤਾ ਦੇ ਦੌਰ ’ਚ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਨਾ ਸਿਰਫ਼ ਆਪਣੀਆਂ ਰਵਾਇਤੀ ਕਲਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਸਗੋਂ ਉਨ੍ਹਾਂ ਨੂੰ ਇਨ੍ਹਾਂ ਕਲਾਵਾਂ ਨੂੰ ਵਿਹਾਰਕ ਰੂਪ ’ਚ ਸਿੱਖਣ ਅਤੇ ਅਗਾਂਹ ਵਧਾਉਣ ਦਾ ਮੌਕਾ ਵੀ ਦਿੰਦੀਆਂ ਹਨ।
ਯੂਥ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਉਕਤ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਰਵਾਇਤੀ ਕਢਾਈ ਕਲਾਵਾਂ, ਖਿਡੌਣੇ ਬਣਾਉਣ ਅਤੇ ਹੱਥ ਪੱਖੀ, ਰੱਸੀ, ਬਿਨੂ ਅਤੇ ਟੋਕਰੀ ਆਦਿ ਘਰੇਲੂ ਵਰਤੋਂ ਦੀਆਂ ਵਸਤਾਂ ਬਣਾਉਣ ਦੀ ਸਿਖਲਾਈ ਦਿੱਤੀ ਗਈ।ਡਾ. ਸੁਰਜੀਤ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਦਲਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media