Wednesday, August 12, 2026

ਮਿਸ਼ਨ ਫ਼ਤਿਹ – ਕੋਰੋਨਾ ‘ਤੇ ਫ਼ਤਿਹ ਪਾਉਣ ਮਗਰੋਂ ਹੋਰਾਂ ਲਈ ਪ੍ਰੇਰਨਾਸਰੋਤ ਬਣਿਆ ਮਾਸਟਰ ਅਮਰਜੀਤ ਸਿੰਘ

ਲੋਕਾਂ ਨੂੰ ਸਿਹਤ ਸਬੰਧੀ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ

ਸੰਦੌੜ (ਅਹਿਮਦਗੜ੍ਹ) / ਸੰਗਰਰ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ -19 ‘ਤੇ ਫ਼ਤਿਹ ਹਾਸਲ ਕਰਨ ਵਾਲੇ ਸੇਵਾ ਮੁਕਤ ਅਧਿਆਪਕ ਅਮਰਜੀਤ ਸਿੰਘ ਆਪਣੀ ਜਿੱਤ ਦੀ ਕਹਾਣੀ ਨਾਲ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ।ਮਾਸਟਰ ਅਮਰਜੀਤ ਸਿੰਘ ਨੇ ਕੋਰੋਨਾਵਾਇਰਸ ‘ਤੇ ਜਿੱਤ ਦਾ ਸਿਹਰਾ ਅਪਣੀ ਸਾਕਾਰਾਤਮਕਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ।
                 ਜ਼ਿਲ੍ਹੇ ਦੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਪਿੰਡ ਸੰਦੌੜ ਦੇ 63 ਸਾਲਾਂ ਦੇ ਸੇਵਾ ਮੁਕਤ ਅਧਿਆਪਕ ਮਾਸਟਰ ਅਮਰਜੀਤ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਂਦੇੜ ਗਏ ਸਨ।ਜਿਥੇ ਉਹ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਦੇਸ਼ ਵਿਆਪੀ ਲਾਕਡਾਊਨ ਕਾਰਨ ਫਸ ਗਏ ਸਨ।ਪੰਜਾਬ ਸਰਕਾਰ ਵਲੋਂ ਕੀਤੇ ਗਏ ਯਤਨਾਂ ਕਾਰਨ ਉਹ 29 ਅਪ੍ਰੈਲ ਨੂੰ ਵਾਪਸ ਪੰਜਾਬ ਆ ਗਏ ਤੇ ਉਨ੍ਹਾਂ ਨੂੰ ਸੁਨਾਮ ਵਿਖੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ।ਇਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪਾਜ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਤਬਦੀਲ ਕੀਤਾ ਗਿਆ।
               ਅਮਰਜੀਤ ਸਿੰਘ ਦੱਸਦੇ ਹਨ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਵਿਡ-19 ਪਾਜ਼ਿਟਿਵ ਹਨ ਤਾਂ ਉਨ੍ਹਾਂ ਘਬਰਾਉਣ ਦੀ ਥਾਂ ਹਿੰਮਤ ਨਾਲ ਇਸ ਵਿਰੁੱਧ ਲੜਣ ਦੀ ਠਾਣੀ।ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧ ਦੇਖ ਕੇ ਖ਼ੁਸ਼ ਹੋਏ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਤਿੰਨ ਟਾਈਮ ਖਾਣਾ, ਵਧੀਆ ਪੀਣ ਯੋਗ ਪਾਣੀ ਦਿੱਤਾ ਜਾਂਦਾ ਸੀ। ਸਫ਼ਾਈ ਦੇ ਪੂਰੇ ਪ੍ਰਬੰਧ ਸਨ ਤੇ ਉਥੋਂ ਦਾ ਸਟਾਫ਼ ਹਰ ਸਮੇਂ ਉਨ੍ਹਾਂ ਦਾ ਖਿਆਲ ਰੱਖਦਾ ਸੀ।ਅਮਰਜੀਤ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਕੋਈ ਵੀ ਟੀਕਾ ਜਾਂ ਦਵਾਈ ਦੀ ਜ਼ਰੂਰਤ ਨਹੀਂ ਪਈ, ਸਗੋਂ ਸਾਕਾਰਾਤਮਕ ਸੋਚ ਤੇ ਵਧੀਆ ਸੰਤੁਲਿਤ ਭੋਜਨ ਖਾਣ ਨਾਲ ਉਹ 15 ਦਿਨ ਬਾਅਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਗਏ।ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਇਸ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ।ਅਮਰਜੀਤ ਸਿੰਘ ਨੇ ਕਿਹਾ ਕਿ ਉਹ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਹੋਣ ਤੋਂ ਬਾਅਦ 14 ਦਿਨ ਘਰ ਵਿਚ ਅਲੱਗ ਕਮਰੇ ਵਿਚ ਰਹੇ।ਹੁਣ ਉਹ ਆਪਣੇ ਗੁਆਂਢ ਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ।
                 ਡਿਪਟੀ ਕਮਿਸ਼ਨਰ ਰਾਮਵੀਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਲੋੜ ਪੈਣ ‘ਤੇ ਹੀ ਘਰੋਂ ਬਾਹਰ ਜਾਣ ਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਉਣਾ, ਉਚਿਤ ਸਮਾਜਿਕ ਦੂਰੀ ਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।ਉਨ੍ਹਾਂ ਮਿਸ਼ਨ ਫ਼ਤਿਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਕਾਰਾਤਮਕ ਜੀਵਨ ਸ਼ੈਲੀ ਅਪਣਾ ਕੇ ਕਿਸੇ ਵੀ ਬਿਮਾਰੀ ‘ਤੇ ਜਲਦੀ ਫ਼ਤਿਹ ਪਾਈ ਜਾ ਸਕਦੀ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …