ਆਪਣੇ ਫੇਸਬੁੱਕ ਲਾਈਵ ਦੌਰਾਨ ਬਠਿੰਡੇ ਦੇ ਲੋਕਾਂ ਦੇ ਸਵਾਲਾਂ ਦੇ ਦਿੱਤੇ ਮੁੱਖ ਮੰਤਰੀ ਨੇ ਜਵਾਬ
ਬਠਿੰਡਾ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਬਠਿੰਡੇ ਦੀਆਂ ਵਿਰਾਸਤੀ ਥਾਂਵਾਂ ਦੀ ਸੰਭਾਲ
ਯਕੀਨੀ ਬਣਾਈ ਜਾਵੇਗੀ।
‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਰਹਿੰਦੇ ਇਕ ਪੰਜਾਬੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਠਿੰਡਾ ਜ਼ਿਲਾ ਉਨਾਂ ਦਾ ਵੀ ਜੱਦੀ ਜ਼ਿਲਾ ਹੈ ਤੇ ਉਨਾਂ ਦਾ ਪੁਰਾਣਾ ਪਿੰਡ ਮਹਿਰਾਜ ਇਸੇ ਜ਼ਿਲੇ ਵਿਚ ਪੈਂਦਾ ਹੈ।ਉਨਾਂ ਨੇ ਸਵਾਲ ਦੇ ਜਵਾਬ ਵਿਚ ਭਰੋਸਾ ਦਿੱਤਾ ਕਿ ਬਠਿੰਡਾ ਦੇ ਥਰਮਲ ਦੀਆਂ ਚਿਮਨੀਆਂ ਨੂੰ ਬਠਿੰਡੇ ਦੀ ਪਹਿਚਾਣ ਦੇ ਰੂਪ ਵਿੱਚ ਸੰਭਾਲਣ ਦੀਆਂ ਸੰਭਾਵਨਾਵਾਂ ਦਾ ਸੂਬਾ ਸਰਕਾਰ ਪਤਾ ਲਗਾਏਗੀ ਅਤੇ ਇੰਨਾਂ ਨੂੰ ਕਿਸ ਤਰੀਕੇ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਬਠਿੰਡਾ ਥਰਮਲ ਨਾਲ ਬਣੀ ਸ਼ਹਿਰ ਦੀ ਪਹਿਚਾਣ ਨੂੰ ਯਾਦ ਰੱਖ ਸਕਣ।
ਇਸ ਤੋਂ ਬਿਨਾਂ ਬਠਿੰਡਾ ਦੇ ਇਤਿਹਾਸਕ ਕਿਲੇ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਪੁਰਾਤਤਵ ਵਿਭਾਗ ਇਸ ਦੀ ਸੰਭਾਲ ਕਰ ਰਿਹਾ ਹੈ।ਉਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਹੋਰਨਾਂ ਇਤਿਹਾਸਕ ਮਹੱਤਵ ਦੀਆਂ ਇਮਾਰਤਾਂ, ਥਾਵਾਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਸਾਡੀ ਅਗਲੀ ਪੀੜੀ ਵਿਰਾਸਤ ਨਾਲ ਜੁੜੀ ਰਹੇ।
ਇਸੇ ਤਰਾਂ ਬਠਿੰਡਾ ਜ਼ਿਲੇ ਦੇ ਇਕ ਹੋਰ ਨੌਜਵਾਨ ਰਮਨ ਸਿੱਧੂ ਦੇ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਮਿੰਨੀ ਬੱਸ ਪਰਿਮਟਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਉਦਿਆਂ 15 ਜੁਲਾਈ ਕਰ ਦਿੱਤੀ।
ਇਹ ਯੋਜਨਾ ਜੋ ਮੌਜੂਦਾ ਬੱਸ ਆਪਰੇਟਰਾਂ ਦੀ ਅਜਾਰੇਦਾਰੀ ਨੂੰ ਤੋੜਜ਼ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ’ਤੇ ਕੇਂਦਰਿਤ ਹੈ, ਤਹਿਤ ਅਰਜ਼ੀਆਂ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ ਸੀ।ਸੂਬਾ ਸਰਕਾਰ ਵਲੋਂ 1400 ਤੋਂ ਵੱਧ ਪੇਂਡੂ ਰੂਟਾਂ ਨੂੰ ਕਵਰ ਕਰਨ ਲਈ ਪਰਮਿਟ ਦੇਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ।
Punjab Post Daily Online Newspaper & Print Media