Saturday, March 7, 2026

ਖ਼ਾਲਸਾ ਕਾਲਜ ਨੇ ਅਗਲੇ ਵਿੱਦਿਅਕ ਸ਼ੈਸ਼ਨ ਤੋਂ ਵੀ ਆਨਲਾਈਨ ਸਿੱਖਿਆ ਦੇਣ ਦੀ ਕੀਤੀ ਤਿਆਰੀ

ਜੀ-ਸੂਟ ਰਾਹੀਂ ਕਾਲਜ ਸਟਾਫ਼ ਵਿਦਿਆਰਥੀਆਂ ਨੂੰ ਕਰੇਗਾ ਸਿੱਖਿਅਤ – ਪ੍ਰਿੰਸੀਪਲ ਡਾ. ਮਹਿਲ ਸਿੰਘ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਇਕ ਵੱਡੀ ਪਹਿਲਕਦਮੀ ਕਰਦਿਆਂ ਅਗਲੇ ਵਿੱਦਿਅਕ ਸ਼ੈਸ਼ਨ 2020-

21 ਲਈ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ਵ ਪ੍ਰਸਿੱਧ ਗੂਗਲ ਦੁਆਰਾ ਜਾਰੀ ਸਾਫ਼ਟਵੇਅਰ ਪ੍ਰੋਗਰਾਮ ਜੀ ਸੂਟ ਨਾਲ ਵਿਵਸਥਾ ਕਾਇਮ ਕੀਤੀ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਡਿਜ਼ੀਟਲ ਪਲੇਟਫ਼ਾਰਮ ਰਾਹੀਂ ਮੌਜ਼ੂਦਾ ਕੋਰੋਨਾ ਵਾਇਰਸ ਹਾਲਾਤਾਂ ਦੇ ਚੱਲਦਿਆਂ ਘਰ ਬੈਠੇ ਹੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਪੂਰਾ ਵਿਸ਼ਵ ਅਤੇ ਸਮੁੱਚਾ ਦੇਸ਼ ਨਵੀਆਂ ਚੁਣੌਤੀਆਂ ਦੇ ਰੂਬਰੂ ਹੈ, ਉਥੇ ਖ਼ਾਲਸਾ ਕਾਲਜ ਵੀ ਬਦਲੇ ਹਾਲਾਤ ਅਨੁਸਾਰ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਦੀ ਪੂਰੀ ਤਿਆਰੀ ਕਰ ਚੁੱਕਾ ਹੈ।
                 ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਂਮਾਰੀ ਵਰਗੇ ਪੈਦਾ ਹੋਏ ਨਾਜ਼ੁਕ ਹਾਲਾਤਾਂ ਕਾਰਨ ਸਰਕਾਰ ਦੁਆਰਾ ਕੀਤੀ ਗਈ ਤਾਲਾਬੰਦੀ, ਕਰਫ਼ਿਊ ਤੋਂ ਹੀ ਵਿਦਿਆਰਥੀਆਂ ਨੂੰ ਘਰ ਬੈਠਿਆ ਹੀ ਆਨਲਾਈਨ ਸਟੱਡੀ ਕਰਵਾਈ ਗਈ ਸੀ ਅਤੇ ਹੁਣ ਅਗਲੇ ਵਿੱਦਿਅਕ ਸ਼ੈਸ਼ਨ ’ਚ ਵੀ ਇਹ ਵਿਵਸਥਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਨਿਰਵਿਘਨ ਪੜ੍ਹਾਈ ਜਾਰੀ ਰੱਖਣ ਲਈ ਗੂਗਲ ਕੰਪਨੀ ਦੇ ਨਾਲ ਸੰਪਰਕ ਕਾਇਮ ਕੀਤਾ ਗਿਆ ਅਤੇ ਬਹੁਤ ਹੀ ਕਫ਼ਾਇਤੀ ਦਰਾਂ ’ਤੇ ਕੰਪਨੀ ਪਾਸੋਂ ਗੂਗਲ ਸੂਟ (ਗੂਗਲ ਕਲਾਸਿਸ) ਵਰਤੋਂ ’ਚ ਲਿਆਉਣ ਲਈ ਮਾਨਤਾ ਹਾਸਲ ਕਰ ਲਈ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਨਵੀਂ ਵਿਵਸਥਾ ਨਾਲ ਜੋੜਣ ਅਤੇ ਸਿੱਖਿਅਤ ਕਰਨ ਲਈ ਆਧੁਨਿਕ ਤਕਨੀਕੀ ਸਾਧਨਾਂ ਦਾ ਸਾਥ ਲੈਂਦਿਆਂ ਕਾਲਜ ਦੇ ਸਮੂਹ ਸਟਾਫ਼ ਨੇ ਕਮਰ ਕੱਸ ਲਈ ਹੈ, ਜੋ ਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਹੀ ਮਹਿਫ਼ੂਜ਼ ਜਰੀਆ ਹੈ।
                  ਇਸ ਦੌਰਾਨ ਛੀਨਾ ਨੇ ਵਿਦਿਆਰਥੀਆਂ ਦੀ ਸਾਲਾਨਾ ਪੜ੍ਹਾਈ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਚੱਲਦਿਆਂ ਜਾਰੀ ਰੱਖਣ ਲਈ ਡਾ. ਮਹਿਲ ਸਿੰਘ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਾਲਸਾ ਮੈਨੇਜ਼ਮੈਂਟ ਅਧੀਨ ਸਮੂਹ ਵਿੱਦਿਅਕ ਅਦਾਰਿਆਂ ’ਚ ਮਾਰਚ ਤੋਂ ਕੀਤੀ ਗਈ ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਬਿਨ੍ਹਾਂ ਰੋਕ ਵਿਦਿਆਰਥੀਆਂ ਨੂੰ ਆਨਲਾਈਲ ਪੜ੍ਹਾਈ, ਵੈਬੀਨਾਰ, ਲੈਕਚਰ ਆਦਿ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਭਿਆਨਕ ਨਤੀਜ਼ਿਆਂ ਤੋਂ ਇਲਾਵਾ ਲਾਭਦਾਇਕ ਸਿੱਟੇ ਵੀ ਸਾਹਮਣੇ ਆਏ ਹਨ, ਜਿਸ ਨਾਲ ਘਰ ਬੈਠਿਆਂ ਵੀ ਕਈ ਅਜਿਹੇ ਸਾਧਨਾਂ ਦਾ ਇਸਤੇਮਾਲ ਕਰਕੇ ਇਨਸਾਨ ਫ਼ਾਇਦਾ ਉਠਾ ਸਕਦਾ ਹੈ।
                ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਵਿਦਿਆਰਥੀਆਂ ਨੂੰ ਨਿਰਵਿਘਨ ਸਿੱਖਿਆ ਦੇਣ ਲਈ ਕਾਲਜ ਨੇ ਗੂਗਲ ਦਾ ਜੀ-ਸੂਟ ਪ੍ਰਾਪਤ ਕਰ ਲਿਆ ਹੈ ਜਿਸ ਰਾਹੀਂ ਵਿਦਿਆਰਥੀਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਘਰ ਬੈਠੇ ਹੀ ਇਸ ਦੁਆਰਾ ਆਪਣੀ ਹਾਜ਼ਰੀ ਲਗਾਉਂਦਿਆਂ ਹੀ ਅਸਾਈਨਮੈਂਟ, ਵੀਡੀਓਜ਼, ਸਟੱਡੀ ਮੈਟਰ ਅਤੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਮਲਟੀਪਲ ਟੈਸਟ ਦੀ ਸੁਵਿਧਾ ਹੋਵੇਗੀ।
ਉਨ੍ਹਾਂ ਕਿਹਾ ਕਿ ਜੀ ਸੂਟ ਦੇ ਵੱਖ-ਵੱਖ ਮਡਿਊਲ ਨੂੰ ਚਲਾਉਣ ਅਤੇ ਵਿਦਿਆਰਥੀਆਂ ਨਾਲ ਸੰਪਰਕ ਬਣਾਉਣ ਅਤੇ ਉਨ੍ਹਾਂ ਦਾ ਰਿਸਪੌਂਸ ਲੈਣ ਲਈ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ਕਾਲਜ ਦੇ ਸਮੂਹ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜੋ 30 ਜੂਨ ਤੱਕ ਮੁਕੰਮਲ ਹੋ ਜਾਵੇਗੀ।
               ਕੰਪਿਊਟਰ ਵਿਭਾਗ ਦੇ ਮੁਖੀ ਡਾ. ਹਰਭਜਨ ਸਿੰਘ ਨੇ ਦੱਸਿਆ ਕਿ ਸਿੱਖਿਆ ਦੇਣ ਦੇ ਇਸ ਨਵੇਂ ਤਕਨੀਕੀ ਢਾਂਚੇ ਨੂੰ ਅਪਨਾਉਣ ਅਤੇ ਚਲਾਉਣ ਵਾਸਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਦਿਲਚਸਪੀ ਲੈ ਕੇ ਸਥਾਪਿਤ ਕੀਤਾ ਹੈ ਅਤੇ ਹੁਣ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੂੰ ਛੋਟੇ ਛੋਟੇ ਗਰੁੱਪਾਂ ’ਚ ਵਿਸਥਾਰ ਨਾਲ ਹਰ ਕਿਸਮ ਦੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਹਰ ਕਿਸਮ ਦੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਣ ਅਤੇ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਆਦਿ ਲਗਾ ਸਕਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …