Tuesday, October 27, 2026

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬਰਸੀ ਸਮਾਗਮ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ

ਹਾਲ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ।ਸੰਗਤ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਉਣ ਤੋਂ ਬਾਅਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ੇਰੇ ਪੰਜਾਬ ਨੇ ਆਪਣੀ ਦੂਰ ਅੰਦੇਸ਼ੀ ਨਾਲ ਸਿੱਖ ਰਾਜ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿਚ ਹਰ ਧਰਮ ਦੇ ਲੋਕਾਂ ਦੀ ਮਦਦ ਕਰਦੇ ਸਨ ਅਤੇ ਸਭ ਨੂੰ ਧਾਰਮਿਕ ਅਜ਼ਾਦੀ ਦਾ ਅਧਿਕਾਰ ਪ੍ਰਾਪਤ ਸੀ। ਭਾਈ ਹਰਮਿੱਤਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦ ਕਰਨਾ ਇਕ ਚੰਗਾ ਉੱਦਮ ਹੈ। ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ।
               ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਬਘੇਲ ਸਿੰਘ, ਨਿਸ਼ਾਨ ਸਿੰਘ, ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …