Wednesday, July 8, 2026

ਅੰਮ੍ਰਿਤਸਰ ਨੂੰ ਆਉਣ ਤੇ ਜਾਣ ਵਾਲੀਆਂ ਸਾਰੀਆਂ ਸੜਕਾਂ ਚਾਰ ਮਾਰਗੀ ਹੋਣਗੀਆਂ – ਔਜਲਾ

ਅੰਮ੍ਰਿਤਸਰ-ਅਜਨਾਲਾ-ਰਮਦਾਸ, ਅੰਮ੍ਰਿਤਸਰ-ਘੁਮਾਣ, ਅੰਮ੍ਰਿਤਸਰ-ਹਰਸ਼ਾ ਛੀਨਾ ਸੜਕਾਂ ਚਹੁੰ ਮਾਰਗੀ ਬਣਨਗੀਆਂ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਕੀ ਨਗਰੀ ਵਿਖੇ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਤੇ ਸ਼ੁਰੂ ਹੋਣ ਜਾ ਰਹੇ ਪ੍ਰੋਜੈਕਟਾਂ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਨਾਲ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 510 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਅਜਨਾਲਾ-ਰਮਦਾਸ ਫੋਰ ਲੇਨ ਪ੍ਰੋਜੈਕਟ ਬਣਨ ਜਾ ਰਿਹਾ ਹੈ।ਜਿਹੜਾ ਅੰਮ੍ਰਿਤਸਰ, ਅਵਾਣ, ਗਗੋਮਾਹਲ, ਥੋਬਾ ਪਿੰਡਾਂ ਨੂੰ ਆਪਸ ਵਿੱਚ ਜੋੜੇਗਾ ਇਸ ਦੇ ਨਾਲ 750 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ-ਘੁਮਾਣ ਫੋਰ ਲੇਨ ਬਣਨ ਜਾ ਰਿਹਾ ਹੈ, ਜੋ ਫਤਿਹਪੁਰ ਰਾਜਪੂਤਾਂ, ਮਹਿਤਾ ਅਤੇ ਘੁਮਾਣ ਨੂੰ ਆਪਸ ਵਿੱਚ ਜੋੜੇਗਾ।ਉਨ੍ਹਾਂ ਦੱਸਿਆ ਕਿ 45.33 ਕਿਲੋਮੀਟਰ ਵਾਲਾ ਅੰਮ੍ਰਿਤਸਰ-ਘੁਮਾਣ ਫੋਰ ਲੇਨ ਪ੍ਰੋਜੈਕਟ ਸਰਹੱਦੀ ਖੇਤਰ ਦੇ ਵਿਕਾਸ ਵਿੱਚ ਨਵੀਂ ਪੁਲਾਂਘ ਪੁੱਟੇਗਾ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਤਰਨ ਤਾਰਨ ਬਾਈਪਾਸ ਜਿਹੜਾ ਨੈਸ਼ਨਲ ਹਾਈਵੇ-15 ਦੇ ਨਾਲ-ਨਾਲ ਪਿੰਡ ਹਰਸਾ ਛੀਨਾ, ਖਾਸਾ ਅੰਮ੍ਰਿਤਸਰ, ਖੇਮਕਰਨ ਨੂੰ ਜੋੜੇਗਾ।ਇਸ ਪ੍ਰੋਜੈਕਟ `ਤੇ 1150 ਕਰੋੜ ਰੁਪਏ ਦੀ ਲਾਗਤ ਆਵੇਗੀ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਅਜਨਾਲਾ ਪ੍ਰੋਜੈਕਟ 39 ਕਿਲੋਮੀਟਰ ਤੇ ਅੰਮ੍ਰਿਤਸਰ ਘੁਮਾਣ ਪ੍ਰੋਜੈਕਟ 45 ਕਿਲੋਮੀਟਰ ਹੋਵੇਗਾ।ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਹਰ ਜਾਣ ਵਾਲੀਆਂ ਅਤੇ ਅੰਮ੍ਰਿਤਸਰ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਹਾਈਵੇ ਨਾਲ ਜੁੜ ਜਾਣਗੀਆਂ।ਇਸ ਨਾਲ ਅੰਮ੍ਰਿਤਸਰ ਨੂੰ ਵਪਾਰਕ ਅਤੇ ਸੈਰ ਸਪਾਟੇ ਪੱਖੋਂ ਨਿਵੇਕਲੀ ਦਿੱਖ ਮਿਲੇਗੀ ਤੇ ਆਰਥਿਕ ਪੱਖੋਂ ਖੇਤੀਬਾੜੀ ਸੈਕਟਰ ਅਤੇ ਵਪਾਰ ਦੇ ਨਾਲ ਨਾਲ ਸੈਰ ਸਪਾਟੇ ਦੇ ਖੇਤਰ ਵਿੱਚ ਵੀ ਅੰਮ੍ਰਿਤਸਰ ਬੁਲੰਦੀਆਂ ਨੂੰ ਛੂਹੇਗਾ।ਇਨ੍ਹਾਂ ਸੜਕਾਂ ਦਾ ਜਾਲ ਵਿਛਣ ਨਾਲ ਮਾਝੇ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧੇਰੇ ਪੈਦਾ ਹੋਣਗੇ।ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਂ ਸਮੇਂ ‘ਤੇ ਲੋਕ ਸਭਾ ਵਿੱਚ ਇਨ੍ਹਾਂ ਪ੍ਰਾਜੈਕਟਾਂ ਸਬੰਧੀ ਆਵਾਜ਼ ਉਠਾਈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਉਸ ਦਾ ਹੱਕ ਦਿਵਾਉਣ ਅਤੇ ਖਾਸ ਕਰ ਮਾਝੇ ਦੇ ਖੇਤਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿੱਚ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।ਔਜਲਾ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਜਿਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਭਾਏ ਰੋਲ ਦੀ ਵੀ ਸ਼ਲਾਘਾ ਕੀਤੀ ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …