ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਪਾਣੀ ਨੂੰ ਜੀਵਨ ਦੀ ਪਹਿਲੀ ਜ਼ਰੂਰਤ ਮੰਨਿਆ ਜਾਂਦਾ ਹੈ ਜਿਸ ਤੋਂ ਬਿਨਾ ਅਸੀਂ ਜ਼ਿੰਦਗੀ ਨੂੰ ਸੋਚ ਵੀ ਨਹੀਂ
ਸਕਦੇ ਅਤੇ ਮੰਨਿਆ ਜਾਂਦਾ ਹੈ ਕਿ ਇਸ ਧਰਤੀ ਉੱਤੇ ਜੀਵਨ ਦੀ ਸ਼ੁਰੂਆਤ ਤੋਂ ਪਹਿਲਾਂ ਇਸਦੀ ਹੋਂਦ ਸੀ। ਪਾਣੀ ਜਿਥੇ ਸਾਡੀ ਬੁਨਿਆਦ ਦਾ ਪ੍ਰਮੁੱਖ ਹਿਸਾ ਹੈ ਉਥੇ ਇਹ ਸਾਡੇ ਸਰੀਰ ਦੇ ਅੰਦਰ ਕਈ ਬੁਨਿਆਦੀ ਭੂਮਿਕਾਵਾਂ ਵੀ ਨਿਭਾਉਂਦਾ ਹੈ ਜਿਸ ਵਿਚ ਪਾਚਕਾਂ ਦੇ ਕੰਮ ਕਰਨ ਦੌਰਾਨ ਇਲੈਕਟ੍ਰਾਨਾਂ ਦਾ ਤਬਾਦਲਾ ਪਾਣੀ ਦੀ ਮਦਦ ਨਾਲ ਹੋਣਾ ਵੀ ਸ਼ਾਮਿਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਤੋਂ ਪ੍ਰੋਫੈਸਰ ਪਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਖੋਜ ਸਮੂਹ ਵੱਲੋਂ “ਪਾਚਕਾਂ ਦੇ ਕਾਰਜ ਲਈ ਇਲੈਕਟ੍ਰਾਨਾਂ ਦੇ ਤਬਾਦਲੇ ਵਿਚ ਪਾਣੀ ਦੀ ਭੂਮਿਕਾ” ਬਾਰੇ ਕੀਤੀ ਖੋਜ ਬਾਰੇ ਦੱਸਦਿਆਂ ਕੀਤਾ।
ਪ੍ਰੋ. ਪਲਵਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਰੋਗਾਂ ਦੇ ਨਿਵਾਰਨ ਲਈ ਨਵੀਆਂ ਦਵਾਈਆਂ ਨੂੰ ਬਣਾਉਣ ਸਮੇਂ ਉਹਨਾਂ ਪ੍ਰੋਟੀਨਾਂ ਦੀਆਂ ਵਿਸ਼ੇਸ਼ਤਾਵਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੋ ਉਨ੍ਹਾਂ ਬਿਮਾਰੀਆਂ ਦੇ ਪੈਦਾ ਹੋਣ ਅਤੇ ਪ੍ਰਸਾਰ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਖੋਜ ਸਮੂਹ ਪਿਛਲੇ ਕੁਝ ਸਾਲਾਂ ਤੋਂ ਇਸ ਸਬੰਧ ਵਿਚ ਖੋਜ ਗਤੀਵਿਧੀਆਂ ਵਿੱਚ ਰੁੱਝੇ ਹੋਏ ਹਨ ਜਿਸ ਵਿਚ ਪ੍ਰੋਟੀਨ ਦੇ ਕਾਰਜਾਂ ਤੇ ਬੀਮਾਰੀਆਂ ਦੀ ਪੈਦਾਵਾਰ ਸ਼ਾਮਿਲ ਹੈ ਜਿਸ ਕਾਰਨ ਨਮੋਨਾਈਟਿਸ, ਗਠੀਆ, ਕੈਂਸਰ, ਅਲਜ਼ਾਈਮਰ ਰੋਗ ਅਤੇ ਬਹੁਤ ਸਾਰੇ ਨਿਊਰੋਡਜਨਰੇਟਿਵ ਰੋਗ ਪੈਦਾ ਹੁੰਦੇ ਹਨ।
ਇਨ੍ਹਾਂ ਨਤੀਜਿਆਂ ਵਿਚ ਬਹੁਤ ਸਾਰੇ ਖੋਜਾਰਥੀਆਂ ਦੀ ਮਿਹਨਤ ਸ਼ਾਮਿਲ ਹੈ ਜਿਨ੍ਹਾਂ ਵਿਚ ਮਨਪ੍ਰੀਤ ਕੌਰ, ਬਲਜੀਤ ਕੌਰ, ਜਗਰੂਪ ਕੌਰ ਅਤੇ ਫਾਰਮਾਸਿਟੀਕਲ ਸਾਇੰਸ ਵਿਭਾਗ ਤੋਂ ਡਾ ਰਾਜਬੀਰ ਭੱਟੀ ਅਤੇ ਅਨੂਦੀਪ ਕੌਰ ਵੱਲੋਂ ਪਸ਼ੂਆਂ `ਤੇ ਕੀਤੇ ਗਏ ਕਈ ਪ੍ਰਯੋਗ ਸ਼ਾਮਿਲ ਹਨ। ਇਹ ਖੋਜ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਵਧੇਰੇ ਪ੍ਰਭਾਵਸ਼ਾਲੀ ਦਵਾਈਆਂ ਨੂੰ ਤਿਆਰ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਇਸ ਖੋਜ ਦੇ ਵਿਸਥਾਰਤ ਨਤੀਜੇ ਇੰਗਲੈਂਡ ਦੀ ਇਕ ਉੱਚ ਪ੍ਰਭਾਵ ਵਾਲੇ ਜਰਨਲ (ਨੇਚਰ ਪਬਲਿਸ਼ਿੰਗ ਗਰੁੱਪ) ਦੀਆਂ ਵਿਗਿਆਨਕ ਰਿਪੋਰਟਾਂ ਵਿਚ ਪ੍ਰਕਾਸ਼ਤ ਹੋ ਚੁੱਕੇ ਹਨ। ਪ੍ਰੋ. ਪਲਵਿੰਦਰ ਸਿੰਘ ਅਤੇ ਉਨ੍ਹ੍ਹਾਂ ਦਾ ਖੋਜ ਸਮੂਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਵਿਚ ਮਹੱਈਆ ਕੀਤੀਆਂ ਗਈ ਬੁਨਿਆਦੀ ਅਤੇ ਆਧੁਨਿਕ ਤਕਨੀਕੀ ਖੋਜ ਸਹੂਲਤਾ ਸਦਕਾ ਅਜਿਹੀਆਂ ਖੋਜਾਂ ਨੂੰ ਕਰਨ ਵਿਚ ਕਾਮਯਾਬ ਹੁੰਦਾ ਹੈ।ਪ੍ਰੋ. ਪਲਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਅਸੀਂ ਭਵਿੱਖ ਵਿਚ ਵੀ ਸਮਾਜ ਲਈ ਲਾਹੇਵੰਦ ਖੋਜਾਂ ਕਰਨ ਵੱਲ ਹਮੇਸ਼ਾ ਕਾਰਜਸ਼ੀਲ ਰਹਾਂਗੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media