’ਵਰਸਿਟੀ ’ਚੋਂ ਪਹਿਲੇ 5 ਸਥਾਨ ਲੈਣ ’ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਦਿੱਤੀ ਮੁਬਾਰਕਬਾਦ
ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਕਾਲਜ ਵਿਦਿਆਰਥਣ ਰਮਨੀਕ ਕੌਰ ਨੇ ਬੀ.ਏ ਐਲ.ਐਲ.ਬੀ
(5 ਸਾਲਾ ਕੋਰਸ) ਸਮੈਸਟਰ 9ਵਾਂ ਦੇ ਐਲਾਨੇ ਗਏ ਨਤੀਜ਼ਿਆਂ ’ਚੋਂ 367 ਨੰਬਰ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ।ਰਮਨੀਕ ਸਮੇਤ ਕਾਲਜ ਦੀਆਂ ਹੋਰ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ-2019 ’ਚ ਲਈ ਗਈ ਪ੍ਰੀਖਿਆ ਦੇ ਨਤੀਜਿਆਂ ‘ਚ ਪਹਿਲੇ ਪੰਜਾ ਸਥਾਨਾਂ ‘ਤੇ ਕਬਜ਼ਾ ਕਰ ਕੇ ਕਾਲਜ ਤੇ ਮਾਤਾ ਪਿਤਾ ਦਾ ਨਾਮ ਰੌਸ਼ਨਾਇਆ ਹੈ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 9ਵਾਂ ਦੇ ਨਤੀਜੇ ‘ਚ ਕਾਲਜ ਦੀਆਂ ਵਿਦਿਆਰਥਣਾਂ ਰਮਨੀਕ ਕੌਰ 367 ਨੰਬਰ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ, ਮਨਸੀਰਤ ਕੌਰ 362 ਨੰਬਰਾਂ ਨਾਲ ਦੂਜੇ, ਰਵਰੀਤ ਕੌਰ 360 ਨੰਬਰਾਂ ਨਾਲ ਤੀਸਰੇ ਸਥਾਨ, ਜਦਕਿ ਅਮਨਦੀਪ ਕੌਰ ਅਤੇ ਨਮੀਸ਼ਾ ਅਰੋੜਾ 358 ਨੰਬਰਾਂ ਨਾਲ ਚੌਥੇ ਅਤੇ ਅਕਾਂਸ਼ਾ ਮਹਿਤਾ 356 ਨੰਬਰ ਪ੍ਰਾਪਤ ਕਰਕੇ ’ਵਰਸਿਟੀ ’ਚੋਂ ਪੰਜਵੇਂ ਸਥਾਨ ‘ਤੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜ਼ਮੈਂਟ ਵੱਲੋਂ ਸਿੱਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ।
Punjab Post Daily Online Newspaper & Print Media