ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਲਈ ਵਰਤੇ ਜਾਂਦੇ ਦੇਸੀ ਘਿਉ ਅਤੇ ਸੁੱਕੇ ਦੁੱਧ ਦੇ ਟੈਂਡਰ ਮਾਮਲੇ ਨੂੰ
ਜਾਣਬੁਝ ਕੇ ਉਲਝਾਉਣ ਵਾਲਿਆਂ ਨੂੰ ਜ਼ਾਬਤੇ ਵਿਚ ਰਹਿਣ ਦੀ ਤਾੜਨਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਕਿਹਾ ਕਿ ਕੁੱਝ ਲੋਕ ਨਿੱਜੀ ਹਿੱਤਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਂਡਰ ਪ੍ਰਕਿਰਿਆ ਨਿਯਮਾਂ ਅਨੁਸਾਰ ਮੁਕੰਮਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋਂ ਵੇਰਕਾ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਸੀ, ਤਾਂ ਉਸ ਵਕਤ ਵੀ ਕੁੱਝ ਲੋਕ ਉਲਟ ਬਿਆਨਬਾਜ਼ੀ ਕਰ ਰਹੇ ਸਨ।ਹਾਲਾਂਕਿ ਉਸ ਸਮੇਂ ਵੀ ਪੁੱਜੇ ਟੈਂਡਰਾਂ ਵਿੱਚੋਂ ਸਭ ਤੋਂ ਘੱਟ ਰੇਟ ਵਾਲੀ ਫਰਮ ਨੂੰ ਹੀ ਟੈਂਡਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਇਸ ਵਾਰ ਸਭ ਤੋਂ ਘੱਟ ਰੇਟ ਸੋਨਾਈ ਕੋਅਪਰੇਟਿਵ ਸੁਸਾਇਟੀ ਦਾ ਹੋਣ ਕਰਕੇ ਉਸ ਨੂੰ ਤਿੰਨ ਮਹੀਨੇ ਦਾ ਟੈਂਡਰ ਦਿੱਤਾ ਗਿਆ ਹੈ।ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਭ ਕੁੱਝ ਸਪੱਸ਼ਟ ਕਰਨ ਦੇ ਬਾਵਜੂਦ ਵੀ ਕੁੱਝ ਸਵਾਰਥੀ ਲੋਕ ਮਾਮਲੇ ਨੂੰ ਜਾਣ-ਬੁੱਝ ਕੇ ਉਭਾਰ ਰਹੇ ਹਨ।ਸ਼੍ਰੋਮਣੀ ਕਮੇਟੀ ਟੈਂਡਰ ਦੇਣ ਸਮੇਂ ਕੁਆਲਟੀ ਅਤੇ ਰੇਟ ਦੋਹਾਂ ਨੂੰ ਸਾਹਮਣੇ ਰੱਖਦੀ ਹੈ।ਆਹਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤ ਨੂੰ ਜੁਆਬਦੇਹ ਹੈ ਅਤੇ ਕਿਸੇ ਵੀ ਤਰ੍ਹਾਂ ਘੱਟ ਕੀਮਤ ’ਤੇ ਮਿਲਦੀ ਵਸਤੂ ਨੂੰ ਮਹਿੰਗੀ ਨਹੀਂ ਖਰੀਦਿਆ ਜਾ ਸਕਦਾ।ਜੇਕਰ ਵੇਰਕਾ ਇਸ ਕੀਮਤ ਤੋਂ ਘੱਟ ਰੇਟ ਦੇਵੇਗੀ ਤਾਂ ਸ਼੍ਰੋਮਣੀ ਕਮੇਟੀ ਅਗਲਾ ਟੈਂਡਰ ਉਸ ਨੂੰ ਦੇਣ ਲਈ ਸੋਚੇਗੀ।ਜੇਕਰ ਰੇਟ ਵਿਚ ਇਸੇ ਤਰ੍ਹਾਂ ਵੱਡਾ ਫ਼ਰਕ ਪਾਇਆ ਗਿਆ ਤਾਂ ਇਹ ਸੰਭਵ ਨਹੀਂ ਹੋ ਸਕਦਾ।ਦੁੱਧ ਪਦਾਰਥਾਂ ਦੇ ਮਿਆਰ ਸਬੰਧੀ ਆਹਲੀ ਨੇ ਕਿਹਾ ਕਿ ਭਾਵੇਂ ਕਿਸੇ ਵੀ ਸਹਿਕਾਰੀ ਸੁਸਾਇਟੀ ਦੇ ਪਦਾਰਥਾਂ ਦੀ ਕੁਆਲਟੀ ਚੈਕ ਕਰਨਾ ਉਸ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।ਫਿਰ ਵੀ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਮਿਆਦ ਚੈਕ ਕਰਦੀ ਰਹਿੰਦੀ ਹੈ।ਪਹਿਲੀਆਂ ਫਰਮਾਂ ਦੀ ਸਪਲਾਈ ਦੀ ਵੀ ਜਾਂਚ ਹੁੰਦੀ ਰਹੀ ਹੈ ਅਤੇ ਹੁਣ ਵਾਲੀ ਫਰਮ ਦੇ ਪਦਾਰਥਾਂ ਨੂੰ ਸਮੇਂ ਸਮੇਂ ਪਰਖਿਆ ਜਾਂਦਾ ਰਹੇਗਾ।ਆਹਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਬਾਰ-ਬਾਰ ਮੁੱਦਾ ਬਣਾਉਣਾ ਸੰਗਤ ਦੀ ਭਾਵਨਾਵਾਂ ਨਾਲ ਖਿਲਵਾੜ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਸੰਸਥਾ ਦਾ ਅਕਸ ਖਰਾਬ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media