
ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਸਬੰਧੀ ਫਰੈਸ਼ਰਜ਼ ਪਾਰਟੀ ‘ਬਿਏਨਵੇਨੀਡੋ-2026’ ਕਰਵਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਭੰਗੜਾ, ਹਿਮਾਚਲ ਪ੍ਰਦੇਸ਼ ਦਾ ਮਨਮੋਹਕ ਨਾਟੀ ਨਾਚ, ਮਣੀਪੁਰੀ ਨਾਚ ਅਤੇ ਪੰਜਾਬ ਦਾ ਰਵਾਇਤੀ ਲੋਕ ਨਾਚ ਗਿੱਧਾ ਪੇਸ਼ ਕੀਤਾ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਨ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਨਵੇਂ ਅਕਾਦਮਿਕ ਸੈਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ ਗਈ।
ਸ੍ਰੀਮਤੀ ਛੀਨਾ ਨੇ ਮਜ਼ਬੂਤ ਚਰਿਤਰ, ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਉੱਚੇ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਨਿਮਰ, ਹਮਦਰਦ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣੇ ਰਹਿਣ ਦਾ ਸੰਦੇਸ਼ ਦਿੱਤਾ।
ਵਿਦਿਆਰਥੀਆਂ ਨੇ ਭੰਗੜਾ, ਨਾਟੀ ਨਾਚ, ਮਣੀਪੁਰੀ ਨਾਚ ਅਤੇ ਗਿੱਧੇ ਤੋਂ ਇਲਾਵਾ ਮਾਡਲਿੰਗ ਰਾਊਂਡ ’ਚ ਆਪਣੇ ਆਤਮ-ਵਿਸ਼ਵਾਸ, ਸ਼ਖ਼ਸੀਅਤ ਅਤੇ ਅੰਦਾਜ਼ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਟੈਲੈਂਟ ਅਤੇ ਪ੍ਰਸ਼ਨ-ਉੱਤਰ ਰਾਊਂਡਾਂ ਰਾਹੀਂ ਨਵੇਂ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਗਿਆਨ ਅਤੇ ਮੰਚ ’ਤੇ ਪੇਸ਼ਕਾਰੀ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।ਸਮਰ ਬੇਦੀ (ਅੰਮ੍ਰਿਤਸਰ ਦੀ ਪਹਿਲੀ ਰੌਕ ਮਿਊਜ਼ਿਕ ਅਕੈਡਮੀ ਦੇ ਸੰਸਥਾਪਕ), ਸ੍ਰੀਮਤੀ ਨਵਦੀਪ ਕੌਰ (ਪ੍ਰਸਿੱਧ ਪੰਜਾਬੀ ਲੋਕ ਗਾਇਕਾ) ਅਤੇ ਜੋਬਨਜੀਤ ਸਿੰਘ (ਪ੍ਰਸਿੱਧ ਭੰਗੜਾ ਅਤੇ ਖੇਤਰੀ ਲੋਕ ਨਾਚ ਕਲਾਕਾਰ) ਨੇ ਵੱਖ-ਵੱਖ ਪੇਸ਼ਕਾਰੀਆਂ ਅਤੇ ਮੁਕਾਬਲਿਆਂ ਦਾ ਮੁਲਾਂਕਣ ਕਰਨ ਸਬੰਧੀ ਜੱਜਾਂ ਦੀ ਭੂਮਿਕਾ ਨਿਭਾਈ।
ਡਾ. ਬਾਲਾ ਨੇ ਕਿਹਾ ਕਿ ਸਿਫ਼ਤਜੋਤ ਸਿੰਘ ਅਤੇ ਅਨਾਹਿਤਾ ਨੂੰ ਕ੍ਰਮਵਾਰ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਚੁਣਿਆ ਗਿਆ।ਉਨ੍ਹਾਂ ਕਿਹਾ ਕਿ ਧਾਰਿਆ ਮੋਹਨ ਅਤੇ ਰਿਸ਼ਿਤਾ ਨੂੰ ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਦੇ ਖ਼ਿਤਾਬ, ਸਾਕਿਬ ਇਕਬਾਲ ਰੇਸ਼ੀ ਅਤੇ ਹਰਜੋਤ ਕੌਰ ਨੂੰ ਮਿਸਟਰ ਬੈਸਟ ਡਰੈਸਡ ਅਤੇ ਮਿਸ ਬੈਸਟ ਡਰੈਸਡ, ਜਤਿਨ ਸਿੰਘ ਅਤੇ ਕੋਨਸਮ ਸਨੇਹਾ ਨੂੰ ਕ੍ਰਮਵਾਰ ਮਿਸਟਰ ਟੈਲੈਂਟਡ ਤੇ ਮਿਸ ਟੈਲੈਂਟਡ ਅਤੇ ਵੰਸ਼ ਕਟੀਆ ਤੇ ਰਿਤਿਕਾ ਨੂੰ ਮਿਸਟਰ ਜੋਵੀਅਲ ਅਤੇ ਮਿਸ ਸਮਾਈਲ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਮਿਤੇਸ਼ਵਰ ਸਿੰਘ ਅਤੇ ਸਾਨੀਆ ਨੂੰ ਮਿਸਟਰ ਬੈਸਟ ਪ੍ਰਫਾਰਮਰ ਅਤੇ ਮਿਸ ਬੈਸਟ ਪ੍ਰਫਾਰਮਰ ਚੁਣਿਆ ਗਿਆ।ਜਦਕਿ ਪ੍ਰਿੰਸ ਨੂੰ ਮਿਸਟਰ ਕਰਿਸਮਾ ਕਿੰਗ ਅਤੇ ਦਿਵਿਆ ਨੂੰ ਮਿਸ ਸਪਾਰਕਲ ਸਟਾਰ ਦਾ ਖ਼ਿਤਾਬ ਦਿੱਤਾ ਗਿਆ।ਇਸੇ ਤਰ੍ਹਾਂ ਜੈਵੀਰ ਸਿੰਘ ਤੇ ਮਨਦੀਪ ਕੌਰ ਨੂੰ ਕ੍ਰਮਵਾਰ ਮਿਸਟਰ ਰਿਦਮ ਰੂਲਰ ਅਤੇ ਮਿਸ ਰੇਡੀਅੰਸ ਰੌਕਸਟਾਰ ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਅਮੀਨੂ ਨਾਗਵਾਗੋ ਅਬੂਬਕਰ, ਸਨੇਹਲ ਪਾਕੇ, ਕ੍ਰਿਸ਼ਨਾ ਅਤੇ ਸੁਨੈਨਾ ਦੇਵੀ ਨੂੰ ਉਨ੍ਹਾਂ ਦੀ ਭਾਗੀਦਾਰੀ ਅਤੇ ਉਤਸ਼ਾਹ ਲਈ ਵਿਸ਼ੇਸ਼ ਪ੍ਰਸ਼ੰਸਾ ਪੁਰਸਕਾਰ ਦਿੱਤੇ ਗਏ।
Punjab Post Daily Online Newspaper & Print Media