Saturday, April 4, 2026

ਅੰਮ੍ਰਿਤਸਰ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਕੇ ਉਭਰਿਆ

ਕੈਨੇਡਾ ਅਤੇ ਯੂ.ਕੇ ਲਈ ਸਭ ਤੋਂ ਵੱਧ ਵਿਸ਼ੇਸ਼ ਉਡਾਨਾਂ ਦਾ ਸੰਚਾਲਨ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਈ ਦੇ ਮਹੀਨੇ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਰਿਹਾ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਭਾਰਤ ਦੁਆਰਾ ਉਡਾਨਾਂ ਦੀ ਮੁਅੱਤਲੀ ਦੇ ਬਾਵਜ਼ੂਦ, ਅੰਮ੍ਰਿਤਸਰ ਯਾਤਰੀਆਂ ਦੀ ਕੁੱਲ ਗਿਣਤੀ ਵਿਚ ਤੀਜੇ ਸਥਾਨ ਤੇ ਆਓਣ ਤੋਂ ਬਾਅਦ ਇੱਕ ਵਾਰ ਫਿਰ ਆਪਣੀ ਅਸਲ ਅਹਿਮੀਅਤ ਜੱਗ ਜ਼ਾਹਰ ਕਰ ਗਿਆ।
             ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਮਈ 2020 ਦੀ ਯਾਤਰੀਆਂ ਦੇ ਅੰਕੜਿਆਂ ਦੀ ਰਿਪੋਰਟ ਅਨੁਸਾਰ, ਅੰਮ੍ਰਿਤਸਰ ਤੋਂ 11681 ਅੰਤਰਰਾਸ਼ਟਰੀ ਮੁਸਾਫਰਾਂ ਨੇ ਸਫਰ ਕੀਤਾ।ਇਹ ਗਿਣਤੀ ਦਿੱਲੀ ਨੂੰ ਛੱਡ ਕੇ ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਮੁੰਬਈ, ਬੰਗਲੌਰ, ਅਹਿਮਦਾਬਾਦ, ਕੋਲਕਾਤਾ ਤੋਂ ਵੀ ਵੱਧ ਰਹੀ।ਦਿੱਲੀ ਏਅਰਪੋਰਟ 40212 ਦੇ ਨਾਲ ਪਹਿਲੇ ਅਤੇ ਮੁੰਬਈ 10280 ਯਾਤਰੀਆਂ ਨਾਲ ਤੀਜੇ ਨੰਬਰ` ਤੇ ਸੀ।
               ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ।ਜਿਸ ਵਿੱਚ ਯੂ.ਕੇ ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਸੀ।ਆਪਣੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ, ਯੂ.ਕੇ ਅਤੇ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ ਇੱਥੋਂ ਵਿਸ਼ੇਸ਼ ਉਡਾਨਾਂ ਸ਼ੁਰੂ ਕੀਤੀਆਂ ਸਨ।ਵੱਡੀ ਗਿਣਤੀ ਵਿੱਚ ਇਹਨਾਂ ਦੋਹਾਂ ਮੁਲਕਾ ਦੇ ਵਸਨੀਕ ਪੰਜਾਬ ਵਿੱਚ ਫਸੇ ਹੋਣ ਕਾਰਨ, ਇਹ ਉਡਾਨਾਂ ਮਈ ਦੇ ਮਹੀਨੇ ਵਿੱਚ ਵੀ ਚੱਲਦੀਆਂ ਰਹੀਆਂ।
ਗੁਮਟਾਲਾ ਨੇ ਦੱਸਿਆ ਕਿ ਯੁ.ਕੇ ਦੀ ਸਰਕਾਰ ਨੇ ਅਪ੍ਰੈਲ ਤੋਂ 15 ਮਈ, 2020 ਤੱਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਿਤ ਕੁੱਲ 28 ਉਡਾਨਾਂ ਦਾ ਪ੍ਰਬੰਧ ਕੀਤਾ।ਜਿਸ ਨਾਲ ਲਗਭਗ 8271 ਯਾਤਰੀ ਆਪਣੇ ਘਰ ਵਾਪਸ ਪਰਤੇ।ਕੈਨੇਡਾ ਦੇ ਭਾਰਤ ਵਿੱਚ ਸਥਿਤ ਵਿਦੇਸ਼ ਦਫਤਰ ਨੇ ਵੀ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਟੋਰਾਂਟੋ, ਵੈਨਕੁਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਸੰਚਾਲਨ ਕੀਤਾ,ਜੋ ਲਗਭਗ 7516 ਕੈਨੇਡੀਅਨ ਵਾਸੀਆਂ ਨੂੰ ਅੰਮ੍ਰਿਤਸਰ ਤੋਂ ਵਾਪਸ ਲੈ ਕੇ ਗਏ।ਇਕ ਅਨੁਮਾਨ ਅਨੁਸਾਰ ਯੁ.ਕੇ ਅਤੇ ਕਨੇਡਾ ਦੁਆਰਾ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਅੰਮ੍ਰਿਤਸਰ ਤੋਂ ਕੀਤਾ ਗਿਆ।
                      ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਇਹਨਾਂ ਅੰਤਰਰਾਸ਼ਟਰੀ ਉਡਾਨਾਂ ਦੇ ਪ੍ਰਬੰਧ ਤੋਂ ਖੁੱਸ਼ ਗੁਮਟਾਲਾ ਨੇ ਕਿਹਾ, “ਭਾਵੇਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਵੀਆਂ ਅੰਤਰਰਾਸ਼ਟਰੀ ਰੂਟ ‘ਤੇ ਉਡਾਣਾਂ ਲਈ ਲੰਮੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੋਵੇ, ਪਰ ਇਸ ਮਹਾਂਮਾਰੀ ਦੇ ਸੰਕਟ ਦੌਰਾਨ ਏਅਰਪੋਰਟ ਤੋਂ ਇਹਨੀਆਂ ਸਾਰੀਆਂ ਵਿਸ਼ੇਸ਼ ਉਡਾਣਾਂ ਦੀ ਇਸ ਬੇਮਿਸਾਲ ਕੋਸ਼ਿਸ਼ ਨੇ ਭਵਿੱਖ ਵਿੱਚ ਲੰਡਨ, ਟੋਰਾਂਟੋ ਅਤੇ ਵੈਨਕੁਵਰ ਵਰਗੀਆਂ ਪ੍ਰਮੁੱਖ ਥਾਵਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਅਸਲ ਸਮਰੱਥਾ ਦਾ ਖੁਲਾਸਾ ਕੀਤਾ ਹੈ।”
                 ਸਾਨੂੰ ਉਮੀਦ ਹੈ ਕਿ ਇਹ ਅੰਕੜੇ ਭਵਿੱਖ ਵਿੱਚ ਇਥੋਂ ਬ੍ਰਿਟਿਸ਼ ਏਅਰਵੇਜ਼, ਏਅਰ ਕਨੇਡਾ ਜਾਂ ਇੱਥੋਂ ਤੱਕ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਵਲੋਂ ਇਹਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਮਦਦਗਾਰ ਹੋਣਗੇ। ਏਅਰ ਇੰਡੀਆ ਵਲੋਂ ਵੀ ਆਪਣੀ ਦਿੱਲੀ-ਟੋਰਾਂਟੋ ਜਾਂ ਲੰਡਨ ਹੀਥਰੋ ਲਈ ਉਡਾਣ ਦਾ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬਹੁਤ ਬਚਤ ਹੋਵੇਗੀ ਅਤੇ ਪੰਜਾਬ ਨੁੰ ਇਕ ਵੱਡਾ ਆਰਥਿਕ ਲਾਭ ਵੀ ਮਿਲੇਗਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …