ਜਥੇਦਾਰ ਸਾਹਿਬ ਨੂੰ ਨਸੀਹਤ ਦੇਣ ਤੋਂ ਪਹਿਲਾਂ ਕਾਂਗਰਸੀ ਆਗੂ ਦਿੱਲੀ ਦੀਆਂ ਕੰਧਾਂ ਦੀ ਹੂਕ ਸੁਣਨ – ਭਾਈ ਮਹਿਤਾ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਟੀ.ਵੀ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਸੀਹਤ ਦੇਣ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਜਾਖੜ ਸਮੇਤ ਕਾਂਗਰਸ ਦਾ ਕੋਈ ਵੀ ਆਗੂ ਪੰਥ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਦਾ ਹੱਕ ਨਹੀਂ ਰੱਖਦਾ, ਉਹ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ।
ਭਾਈ ਮਹਿਤਾ ਨੇ ਜਾਰੀ ਇੱਕ ਬਿਆਨ ਵਿਚ ਜਾਖੜ ਨੂੰ ਕਰਾਰਾ ਜਵਾਬ ਦਿੰਦਿਆਂ ਆਖਿਆ ਕਿ ਉਹ ਤੇ ਉਨਾਂ ਦੀ ਪਾਰਟੀ ਨੇ ਤਾਂ ਹਮੇਸ਼ਾਂ ਹੀ ਸਿੱਖਾਂ ਦਾ ਵਿਨਾਸ਼ ਕੀਤਾ, ਹਜ਼ਾਰਾਂ ਬੇਦੋਸ਼ੋ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਇੱਕ ਦਹਾਕੇ ਤੋਂ ਵੱਧ ਪੰਜਾਬ ਦੀ ਧਰਤੀ ’ਤੇ ਰੱਜ ਕੇ ਖੂਨ ਦੀ ਹੋਲੀ ਖੇਡੀ।ਦਿੱਲੀ, ਕਾਨ੍ਹਪੁਰ, ਬੁਕਾਰੋ ਆਦਿ ਥਾਵਾਂ ਦਾ ਸਿੱਖ ਕਤਲੇਆਮ ਅਤੇ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਕੀਤਾ ਗਿਆ ਹਮਲਾ ਕਾਂਗਰਸ ਪਾਰਟੀ ਦਾ ਕਰੂਰ ਕਾਰਾ ਹੈ।
ਭਾਈ ਮਹਿਤਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਪ੍ਰਭੂ ਸੱਤਾ ਸੰਪਨ ਸਰਬ ਉਚ ਅਸਥਾਨ ਹੈ।ਇਸ ਨੇ ਹਮੇਸ਼ਾਂ ਕੌਮ ਨੂੰ ਸਮੇਂ ਸਮੇਂ ਅਗਵਾਈ ਦਿੱਤੀ ਹੈ।ਇਸ ਦੇ ਜਥੇਦਾਰ ਸਾਹਿਬ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਥ ਦੀ ਅਗਾਾਈ ਕਿਵੇਂ ਕਰਨੀ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੇ ਸਾਜਿਸ਼ਾਂ ਦਾ ਜਵਾਬ ਕਿਵੇਂ ਦੇਣਾ ਹੈ।ਭਾਈ ਮਹਿਤਾ ਨੇ ਕਿਹਾ ਕਿ ਜਾਖੜ ਜੀ, ਘੱਟ ਗਿਣਤੀਆਂ ਦਾ ਫਿਕਰ ਛੱਡਣ ਲਈ ਜਥੇਦਾਰ ਸਾਹਿਬ ਨੂੰ ਕਹਿਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਪਿਛੋਕੜ ਵੱਲ ਝਾਤੀ ਮਾਰੋ ਕਿ ਤੁਸੀਂ ਕਿਵੇਂ ਵੋਟ ਦੀ ਖਾਤਰ ਘੱਟ ਗਿਣਤੀਆਂ ਨੂੰ ਦਬਾਇਆ।ਜੇਕਰ ਅੱਜ ਸਿੱਖਾਂ ਅੰਦਰ ਕੋਈ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਪਨਪ ਰਿਹਾ ਹੈ ਤਾਂ ਉਸ ਦੀ ਦੋਸ਼ੀ ਕਾਂਗਰਸ ਹੈ।ਵੱਖਵਾਦੀ ਭਾਵਨਾ ਤੇ 2020 ਵਰਗੇ ਵਿਚਾਰ ਵੀ ਤੁਹਾਡੇ ਕਾਲੇ ਕਾਰਨਾਮਿਆਂ ਦੀ ਦੇਣ ਹਨ। ਕਿਉਂਕਿ ਦੇਸ਼ ਦੇ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਨੀਅਤ ਪੰਜਾਬ ਤੇ ਸਿੱਖ ਮਾਰੂ ਰਹੀ, ਜਿਸ ਕਾਰਨ ਸਿੱਖਾਂ ਅੰਦਰ ਬੇਗਾਨਗੀ ਪੈਦਾ ਹੁੰਦੀ ਰਹੀ ਹੈ।
ਭਾਈ ਮਹਿਤਾ ਨੇ ਕਿਹਾ ਕਿ ਜੇਕਰ ਤੁਹਾਡੀ ਥੋੜੀ ਵੀ ਜ਼ਮੀਰ ਜਿਊਂਦੀ ਹੈ ਤਾਂ ਦਿੱਲੀ ਦੀਆਂ ਉਨ੍ਹਾਂ ਗਲੀਆਂ ਤੇ ਮਹੱਲਿਆਂ ਦੀਆਂ ਕੰਧਾਂ ਦੀ ਹੂਕ ਨੂੰ ਕੰਨ ਲਾ ਕੇ ਸੁਣੋ।ਭਾਈ ਮਹਿਤਾ ਨੇ ਸੁਨੀਲ ਜਾਖੜ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਸ਼ਬਦਾਂ ਬਾਰੇ ਤੁਰੰਤ ਮੁਆਫੀ ਮੰਗਣ ਅਤੇ ਅੱਗੇ ਤੋਂ ਅਜਿਹੇ ਵਿਵਾਦਿਤ ਬਿਆਨ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …