Sunday, June 15, 2025
Breaking News

ਡਾਕਟਰਾਂ ਦੀ ਅਣਗਹਿਲੀ ਨਾਲ ਹੋਈ ਮੌਤ ਦਾ ਪਿਤਾ ਨੂੰ ਮਿਲਿਆ 20 ਸਾਲ ਬਾਅਦ ਇਨਸਾਫ਼

ਅੰਮ੍ਰਿਤਸਰ ਦੀ ਪ੍ਰਸਿੱਧ ਮਹਿਲਾ ਡਾਕਟਰ ਨੂੰ 2 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਹੋਈ ਸਜ਼ਾ

PPN16101416

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਇੱਕ ਮਾਣਯੋਗ ਅਦਾਲਤ ਨੇ ਲਾਪਰਵਾਹੀ ਕਾਰਨ ਏਡਜ਼ ਪੀੜਤ ਗੁਰਦਾ ਦਾਨੀ ਦਾ ਗੁਰਦਾ ਇੱਕ ਮਰੀਜ਼ ਨੂੰ ਟਰਾਂਸਫ਼ਰ ਕਰਨ ਵਾਲੇ ਡਾਕਟਰਾਂ ਨੂੰ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਐਡੀਸ਼ਨਲ ਚੀਫ਼ ਮੈਜਿਸਟਰੇਟ ਸ੍ਰੀ ਪਰਮਿੰਦਰ ਸਿੰਘ ਰਾਏ ਵੱਲੋਂ ਬੀਤੇ ਦਿਨੀਂ ਡਾ: ਹਰਸ਼ਰਨ ਕੌਰ ਤਤਕਾਲੀ ਸਰਜਨ ਕੱਕੜ ਹਸਪਤਾਲ ਅਤੇ ਚਰਚਿਤ ਕਿਡਨੀ ਸਪੈਸ਼ਲਿਸਟ ਡਾ: ਪਰਵੀਨ ਸਰੀਨ ਖ਼ਿਲਾਫ਼ 20 ਸਾਲ 6 ਮਹੀਨੇ ਬਾਅਦ ਆਏ ਫੈਸਲੇ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁਦਈ ਮਿਹਰ ਚੰਦ ਪੁੱਤਰ ਸਾਲਗਰਾਮ ਵਾਸੀ ਕਲਸੀਆਂ ਖੁਰਦ ਤਹਿਸੀਲ ਪੱਟੀ ਨੇ ਕਿਹਾ ਕਿ ਉਕਤ ਫੈਸਲਾ ਦੇਰ ਨਾਲ ਹੀ ਸਹੀ ਪਰ ਦਰੁਸਤ ਫੈਸਲਾ ਆਇਆ ਹੈ ਜਿਸ ਨਾਲ ਉਨ੍ਹਾਂ ਦਾ ਅਤੇ ਲੋਕਾਂ ਦਾ ਅਦਾਲਤੀ ਵਿਵਸਥਾ ਅਤੇ ਇਨਸਾਫ਼ ਵਿੱਚ ਵਿਸ਼ਵਾਸ ਵਧਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਲਾਪਰਵਾਹ ਡਾਕਟਰਾਂ ਲਈ ਇਹ ਇੱਕ ਸਬਕ ਹੈ ਜੋ ਆਪਣੀ ਡਿਊਟੀ ਦੌਰਾਨ ਲਾਪਰਵਾਹੀ ਵਰਤਦੇ ਹਨ ਅਤੇ ਉਨ੍ਹਾਂ ਲਾਲਚੀ ਡਾਕਟਰਾਂ ਲਈ ਵੀ ਸਬਕ ਹੈ ਜੋ ਡਾਕਟਰੀ ਵਰਗੇ ਪਵਿੱਤਰ ਕਿੱਤੇ ਨੂੰ ਲਾਲਚ ਵਸ ਪੈਸਾ ਇਕੱਠਾ ਕਰਨ ਅਤੇ ਬਦਨਾਮੀ ਦਾ ਜ਼ਰੀਆ ਬਣਾ ਰਹੇ ਹਨ।
ਦੇਰੀ ਨਾਲ ਦਿੱਤੇ ਗਏ ਫੈਸਲੇ ‘ਤੇ ਟਿੱਪਣੀ ਕਰਦਿਆਂ ਮਿਹਰ ਚੰਦ ਨੇ ਕਿਹਾ ਕਿ ਕਿਸੇ ਵੀ ਅਦਾਲਤੀ ਫੈਸਲੇ ਨੂੰ ਇਨ੍ਹਾਂ ਲੰਬਾ ਸਮਾਂ ਨਹੀਂ ਲੱਗਣਾ ਚਾਹੀਦਾ ਅਤੇ ਇਸ ਬਾਰੇ ਅਦਾਲਤਾਂ ਅਤੇ ਸਰਕਾਰਾਂ ਨੂੰ ਪੀੜਤਾਂ ਪ੍ਰਤੀ ਜਲਦ ਇਨਸਾਫ਼ ਮੁਹੱਈਆ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ।
ਲਾਪਰਵਾਹ ਡਾਕਟਰਾਂ ਖ਼ਿਲਾਫ਼ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ 82 ਸਾਲ ਦੇ ਬਜ਼ੁਰਗ ਮਿਹਰ ਚੰਦ ਨੇ ਉਕਤ ਕੇਸ ਸਬੰਧੀ ਵਿਸਥਾਰ ਵਿੱਚ ਜਾਂਦਿਆਂ ਦੱਸਿਆ ਕਿ 1990 ਦੌਰਾਨ ਡੇਹਰਾਦੂਨ ਤੋਂ ਬੀ ਫਾਰਮੇਸੀ ਕਰਦੇ ਉਨ੍ਹਾਂ ਦੇ 20-22 ਸਾਲ ਦੇ ਪੁੱਤਰ ਬਲਵਿੰਦਰ ਕੁਮਾਰ ਦੇ ਗੁਰਦੇ ਖਰਾਬ ਹੋ ਗਏ ਸਨ, ਜਿਨ੍ਹਾਂ ਦਾ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਗਿਆ। ਇੱਕ ਸਾਲ ਬਾਅਦ ਮੁੜ ਤਕਲੀਫ਼ ਹੋਈ ਤਾਂ ਬਲਵਿੰਦਰ ਕੁਮਾਰ ਨੂੰ ਤਤਕਾਲੀ ਕੱਕੜ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਡਾ: ਹਰਸ਼ਰਨ ਕੌਰ ਨੇ ਬਲਵਿੰਦਰ ਕੁਮਾਰ ਦੇ ਇਲਾਜ ਦੌਰਾਨ ਉਸ ਵੱਲੋਂ ਮੁਹੱਈਆ ਕਰਵਾਏ ਗਏ ਕਿਡਨੀ ਡੋਨਰ ਦੀ ਕਿਡਨੀ ਡਾ: ਪਰਵੀਨ ਸਰੀਨ ਰਾਹੀ ਬਲਵਿੰਦਰ ਕੁਮਾਰ ਨੂੰ ਟਰਾਂਸਫ਼ਰ ਕੀਤੀ ਗਈ। ਬਲਵਿੰਦਰ ਕੁਮਾਰ ਦੇ ਪਿਤਾ ਮਿਹਰ ਚੰਦ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਕਤ ਇਲਾਜ ਤੋਂ ਕੁੱਝ ਹਫ਼ਤਿਆਂ ਬਾਅਦ ਹੀ ਬਲਵਿੰਦਰ ਦੀ ਸਿਹਤ ਤੇਜ਼ੀ ਨਾਲ ਵਿਗੜਨੀ ਸ਼ੁਰੂ ਹੋ ਗਈ ਪਰ ਡਾ: ਹਰਸ਼ਰਨ ਕੌਰ ਨੇ ਬਲਵਿੰਦਰ ਦਾ ਇਲਾਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸੇ ਦੌਰਾਨ ਉਹ ਮੁੜ ਪੀ ਜੀ ਆਈ ਲੈ ਕੇ ਗਏ ਜਿੱਥੇ ਬਲਵਿੰਦਰ ਦਾ ਪਹਿਲਾਂ ਇਲਾਜ ਕਰਨ ਵਾਲੇ ਡਾਕਟਰਾਂ ਨੇ ਉਸ ਦਾ ਡਾਕਟਰੀ ਮੁਆਇਨਾ ਕਰਨ ਉਪਰੰਤ ਦੱਸਿਆ ਕਿ ਬਲਵਿੰਦਰ ਨੂੰ ਏਡਜ਼ ਦੀ ਲਾਇਲਾਜ ਬਿਮਾਰੀ ਲੱਗ ਚੁੱਕੀ ਹੈ। ਡਾਕਟਰਾਂ ਦੇ ਮੈਡੀਕਲ ਬੋਰਡ ਨੇ ਪੂਰੀ ਤਰ੍ਹਾਂ ਤਹਿਕੀਕਾਤ ਕਰਨ ‘ਤੇ ਇਹ ਪਾਇਆ ਕਿ ਬਲਵਿੰਦਰ ਨੂੰ ਏਡਜ਼ ਪੀੜਤ ਮਰੀਜ਼ ਦੀ ਕਿਡਨੀ ਟ੍ਰਾਂਸਫਰ ਕੀਤੀ ਗਈ ਸੀ,  ਜਿਸ ਲਈ ਡਾ ਹਰਸ਼ਰਨ ਕੌਰ ਅਤੇ ਤਤਕਾਲੀ ਕੱਕੜ ਹਸਪਤਾਲ ਜ਼ਿੰਮੇਵਾਰ ਹਨ।
ਮਿਹਰ ਚੰਦ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਦਾ ਪੁੱਤਰ ਬਲਵਿੰਦਰ ਜ਼ਿੰਦਗੀ ਲਈ ਬਿਮਾਰੀ ਨਾਲ ਲੜਦਾ ਰਿਹਾ ਪਰ ਹਰਸ਼ਰਨ ਕੌਰ ਨੇ ਬਲਵਿੰਦਰ ਦਾ ਇਲਾਜ ਕਰਨ ਦੀ ਥਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਾਰ-ਵਾਰ ਅਪਮਾਨ ਕੀਤਾ। ਮੁਸ਼ਕਿਲ ਦੌਰ ਲੰਘਣ ਉਪਰੰਤ 18-03-1993 ਨੂੰ ਬਲਵਿੰਦਰ ਨੇ ਆਖਰੀ ਸਾਹ ਲਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਗੈਰਜ਼ਿੰਮੇਵਾਰ ਡਾਕਟਰਾਂ ਖ਼ਿਲਾਫ਼ ਕਾਨੂੰਨੀ ਲੜਦੇ ਹੋਏ 24-07-1995 ਨੂੰ ਐੱਫ ਆਈ ਆਰ ਨੰਬਰ 93 ਥਾਣਾ ਸਿਵਲ ਲਾਈਨ ਵਿਖੇ ਧਾਰਾ 304 ਏ , 383, 384 ਆਈ ਪੀ ਸੀ ਅਧੀਨ ਕੇਸ ਦਰਜ ਕੀਤਾ ਗਿਆ।ਜਿਸ ਸਬੰਧੀ ਉਕਤ ਫੈਸਲਾ ਆਇਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply