ਕਾਂਗਰਸੀ ਆਗੂ ਨੌਜਵਾਨ ਦੀ ਹਲਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਭਰਪੂਰ ਸ਼ਲਾਘਾ
ਧੂਰੀ, 24 ਜੁਲਾਈ (ਪ੍ਰਵੀਨ ਗਰਗ) – ਆਸਟ੍ਰੇਲੀਆ ਤੋਂ ਪੜਾਈ ਕਰਕੇ ਵਾਪਸ ਆਪਣੀ ਜਨਮ ਭੂਮੀ ਧੂਰੀ ਵਿਖੇ ਪਰਤੇ ਇੰਡੀਅਨ ਯੂਥ ਕਾਂਗਰਸ ਦੇ ਆਗੂ ਸ਼ੁਭਮ 
ਸ਼ਰਮਾ ਸ਼ੁਭੀ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ‘ਆਸ’ ਫਾਊਂਡੇਸ਼ਨ ਬਣਾ ਕੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ।ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਦੌਰਾਨ ਆਪਣੇ ਕੁੱਝ ਸਾਥੀਆਂ ਦੀ ਮਦਦ ਨਾਲ ਆਪਣੇ ਖਰਚ ‘ਤੇ ਸਮੁੱਚੇ ਧੂਰੀ ਸ਼ਹਿਰ ਨੂੰ ਸੈਨੇਟਾਈਜ਼ ਕਰਕੇ ਅਤੇ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਆਦਿ ਵੰਡਣ ਵਾਲੇ ਨੌਜਵਾਨ ਅਤੇ ‘ਆਸ’ ਫਾਊਂਡੇਸ਼ਨ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਵੱਲੋਂ ਸ਼੍ਰੀ ਸਾਂਈ ਮੰਦਰ ਧੂਰੀ ਵਿਖੇ ਸੈਨੇਟਾਈਜ਼ ਸਟੈਂਡ ਅਤੇ ਸੈਨੇਟਾਈਜ਼ਰ ਭੇਂਟ ਕੀਤੇ।
ਇਸ ਸਮੇਂ ਉਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਧੂਰੀ ਸ਼ਹਿਰ ਦੇ ਮੰਦਰਾਂ, ਗੁਰੂਦੁਆਰਿਆਂ, ਮਸਜਿਦਾਂ ਅਤੇ ਚਰਚ ਆਦਿ ਵਿੱਚ ਉਹਨਾਂ ਵੱਲੋਂ 40 ਦੇ ਕਰੀਬ ਸੈਨੇਟਾਈਜ਼ ਸਟੈਂਡ ਭੇਂਟ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂ ਇਹਨਾਂ ਧਾਰਮਿਕ ਸੰਸਥਾਨਾਂ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਸੈਨੇਟਾਈਜ਼ ਕਰ ਸਕਣ।ਉਹਨਾਂ ਕਿਹਾ ਕਿ ਓਵਰਸੀਜ਼ ਐਨ.ਆਰ.ਆਈ ਗਰੁੱਪ ਅਤੇ ਹੋਰ ਦੋਸਤਾਂ-ਮਿੱਤਰਾਂ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਗੈਰ ਰਾਜਨੀਤਕ ਸੰਸਥਾ ‘ਆਸ’ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਹੈ। ਜਿਸ ਰਾਹੀਂ ਆਉਣ ਵਾਲੇ ਸਮੇਂ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਲੱਮ ਏਰੀਏ ਦੇ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇਣੀ, ਗਰੀਬ ਬੱਚਿਆਂ ਦੀ ਪੜਾਈ ਲਈ ਕਿਤਾਬਾਂ, ਫੀਸਾਂ ਦਾ ਪ੍ਰਬੰਧ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਸਿਲਾਈ ਸੈਂਟਰ ਖੋਲੇ੍ਹ ਜਾਣਗੇ।
ਉਹਨਾਂ ਕਿਹਾ ਕਿ ਜ਼ਲਦ ਹੀ ਗੁਰੂਦੁਆਰਾ ਸ੍ਰੀ ਮਸਤੂਆਣਾ ਸਾਹਿਬ, ਸ਼ਿਵ ਮੰਦਰ ਰਣੀਕੇ, ਗੁਰੂਦੁਆਰਾ ਸ੍ਰੀ ਮੂਲੋਵਾਲ ਸਾਹਿਬ, ਬਾਬਾ ਹੈਦਰ ਸ਼ੇਖ ਦਰਗਾਹ ਮਾਲੇਕੋਟਲਾ ਵਿਖੇ ਵੀ ਪੈਰਾਂ ਨਾਲ ਚੱਲਣ ਵਾਲੇ ਸੈਨੇਟਾਈਜ਼ਰ ਸਟੈਂਡ ਅਤੇ ਸੈਨੇਟਾਈਜ਼ਰ ਭੇਂਟ ਕੀਤੇ ਜਾਣਗੇ।
ਇਸ ਮੌਕੇ ਐਡਵੋਕੇਟ ਸੰਜੀਵ ਕੁਮਾਰ ਬਹਿਲ, ਸਾਬਕਾ ਕੌਂਸਲਰ ਅਸ਼ਵਨੀ ਧੀਰ, ਰਮਨਜੋਤ ਬਿੰਦਰਾ, ਹਨੀ ਭਗਰੀਆ, ਵਿਪਨ ਸ਼ਰਮਾਂ, ਮਨਜੀਤ ਖੀਪਲ, ਦਵਿੰਦਰ, ਅਜੈ, ਹਿਮਾਂਸ਼ੂ, ਰੋਹਿਤ, ਮਨੀ ਮਡਾਹਰ ਅਤੇ ਪ੍ਰਭਜੋਤ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media