ਬਹੁਕੌਮੀ ਕੰਪਨੀਆਂ ਐਮਾਜ਼ੋਨ, ਫੇਸਬੁੱਕ, ਮਾਈਕਰੋਸਾਫਟ ਦੇ ਅਧਿਕਾਰੀਆਂ ਨੇ ਭਵਿੱਖੀ ਰੁਜ਼ਗਾਰ ਦੀ ਦਿੱਤੀ ਜਾਣਕਾਰੀ
ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮਿਸ਼ਨ ਫਤਹਿ ਤਹਿਤ ਕਰੋਨਾ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਰੁਜ਼ਗਾਰ ਦੇ ਮੌਕਿਆਂ 
ਦੀ ਤਲਾਸ਼ ਕਰਨ ਸਬੰਧੀ ਅੱਜ ਕਰਵਾਏ ਗਏ ਵੈਬੀਨਾਰ ਵਿੱਚ ਜਿਲਾ ਕਪੂਰਥਲਾ ਤੋਂ 762 ਵਿਦਿਆਰਥੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਵੈਬੀਨਾਰ ਦੌਰਾਨ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਗ ਲਿਆ ਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਪੈਦਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।ਜਿਲੇ ਦੇ ਵਿਦਿਆਰਥੀਆਂ ਵਲੋਂ ਐਮਾਜ਼ੌਨ, ਫਲਿਪਕਾਰਟ, ਫੇਸਬੁੱਕ, ਮਾਈਕਰੋਸਾਫਟ, ਡੈਲ, ਵਾਲਮਾਰਟ, ਪੈਪਸੀਕੋ ਤੇ ਹੋਰਨਾਂ ਨਾਮੀ ਕੰਪਨੀਆਂ ਦੇ ਪ੍ਰਤੀਨਿਧੀਆਂ ਕੋਲੋਂ ਭਵਿੱਖ ਵਿੱਚ ਰੁਜ਼ਗਾਰ ਮੌਕਿਆਂ ਬਾਰੇ ਸਵਾਲ ਪੁੱਛੇ।
ਵੈਬੀਨਾਰ ਦੌਰਾਨ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕਲਾਊਡ ਟੈਕਨਾਲੌਜੀ, ਆਰਟੀਫੀਸ਼ਲ ਇੰਟੈਲੀਜੈਂਸ, ਈ-ਕਾਮਰਸ, ਹੈਲਥ ਕੇਅਰ, ਆਟੋਮੇਸ਼ਨ ਆਦਿ ਖੇਤਰਾਂ ਵਿਚ ਅਗਲੇ 5 ਤੋਂ 10 ਸਾਲਾਂ ਦੌਰਾਨ ਰੁਜ਼ਗਾਰ ਦੇ ਅਸੀਮ ਮੌਕਿਆਂ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਵਿਦਿਆਰਥੀ ਆਪਣੇ ਆਪ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਤਿਆਰ ਕਰਨ ਅਤੇ ਸਭ ਤੋਂ ਵੱਧ ਲੋੜ ਸਕਿੱਲ ਡਿਵੈਲਪਮੈਂਟ ਵੱਲ ਦਿੱਤਾ ਜਾਵੇ।ਮਾਈਕਰੋਸਾਫਟ ਵਲੋਂ ਆਨਲਾਇਨ ਕੋਰਸਾਂ ਲਈ ਤਕਨੀਕੀ ਅਗਵਾਈ ਬਿਲਕੁੱਲ ਮੁਫਤ ਪ੍ਰਦਾਨ ਕਰਨ ਲਈ ਵੀ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਜਿਲਾ ਰੁਜ਼ਗਾਰ ਬਿਊਰੋ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਵਿਚ ਹੋਣ ਵਾਲੇ ਵੈਬੀਨਾਰਾਂ ਦੌਰਾਨ ਵਿਦਿਆਰਥੀਆਂ ਦੀ ਹੋਰ ਸ਼ਿਰਕਤ ਲਈ ਜਿਲੇ ਭਰ ਦੀਆਂ ਵਿਦਿਅਕ ਸੰਸਥਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ।
Punjab Post Daily Online Newspaper & Print Media