ਦਮਦਮੀ ਟਕਸਾਲ ਗੁਰਬਾਣੀ ਸ਼ੁਧ ਉਚਾਰਨ ਤੇ ਸ਼ਹੀਦੀਆਂ ਦੇਣ ‘ਚ ਮੋਹਰੀ – ਗਿ: ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 7 ਅਗਸਤ (ਪੰਜਾਬ ਪੋਸਟ ਬਿਊਰੋ) – ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਦਮਦਮੀ
ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ।ਇਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਅੰਤਿਮ ਦਿਹਾੜੇ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜ਼ੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੀ ਸਥਾਪਨਾ ਅਤੇ ਮੌਜ਼ੂਦਾ ਸਮੇਂ ਟਕਸਾਲ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕੀਤੀ।ਉਨ੍ਹਾਂ ਦਮਦਮੀ ਟਕਸਾਲ ਦੀ ਵਿਸ਼ੇਸ਼ਤਾਈਆਂ ਕੌਮ ਦੀ ਕੀਤੀ ਗਈ ਵਿਲਖਣ ਸੇਵਾ ਅਤੇ ਪਰਉਪਕਾਰ ਦੀ ਗਲ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਸ਼ੁੱਧ ਉਚਾਰਨ, ਅਰਥ ਪ੍ਰੰਪਰਾ ਸੰਭਾਲ ਕੇ ਰੱਖਣ, ਵਿਦਿਆ ਦੇ ਖੇਤਰ ਤੋਂ ਇਲਾਵਾ ਕੌਮ ਲਈ ਸ਼ਹੀਦੀਆਂ ਦੇਣ ਵਿਚ ਵੀ ਮੋਹਰੀ ਰਹੀ।ਗੁਰੂ ਪੰਥ ਨੂੰ ਦਿੱਤੀ ਗਈ ਬਹੁਤ ਵੱਡੀ ਦੇਣ ਵਜੋਂ ਦਮਦਮੀ ਟਕਸਾਲ ਵਲੋਂ ਦਿੱਤੀਆਂ ਸ਼ਹਾਦਤਾਂ ਨੇ ਮੌਜੂਦਾ ਸਮੇਂ ਵਿਸ਼ਵ ਪੱਧਰ ’ਤੇ ਖ਼ਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਮਜ਼ਬੂਤੀ ਦਿੱਤੀ ਹੈ।
ਉਨ੍ਹਾਂ ਸੋਸ਼ਲ ਮੀਡੀਆ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 267 ਪਾਵਨ ਸਰੂਪਾਂ ਦੇ ਰਿਕਾਰਡ ਵਿਚ ਘੱਟ ਪਾਏ ਜਾਣ ਨੂੰ ਹੇਰਾਫੇਰੀ ਪਰ ਫਾਈਨਲ ਜਾਂਚ ਰਿਪੋਰਟ ਆਉਣ ਤੱਕ ਉਡੀਕ ਕਰਨ ਲਈ ਕਿਹਾ।ਉਨ੍ਹਾਂ ਕਿਹਾ ਪਾਵਨ ਸਰੂਪਾਂ ਦੇ ਨਾਗਪੁਰ ਪਹੁੰਚਾ ਦਿੱਤੇ ਜਾਣ ਦੀਆਂ ਅਫ਼ਵਾਹਾਂ ’ਚ ਕੋਈ ਦਮ ਨਹੀਂ ਹੈ।ਅਜਿਹਾ ਸੋਚਣ ਅਤੇ ਕੁਫ਼ਰ ਤੋਲਣ ਵਾਲਿਆਂ ਦੀ ਸੋਚ ਦਾ ਦੀਵਾਲਾ ਨਿਕਲ ਚੁੱਕਾ ਹੈ।ਉਨ੍ਹਾਂ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦਾ ਭੈਅ ਰੱਖਣ ਦੀ ਸਲਾਹ ਦਿੱਤੀ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ 1706 ਈਸਵੀ ਵਿੱਚ ਜਦੋਂ ਕਲਗ਼ੀਧਰ ਦਸਮੇਸ਼ ਪਿਤਾ ਨੇ ਦਮਦਮਾ ਸਾਹਿਬ ਦੀ ਧਰਤੀ ‘ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ।ਉਸੇ ਸਮੇਂ ਹੀ ਦਮਦਮੀ ਟਕਸਾਲ ਦੀ ਸਥਾਪਨਾ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਪਹਿਲਾਂ ਮੁਖੀ ਥਾਪਿਆ ਸੀ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਵੇਰੇ ਧਾਰਮਿਕ ਦਿਵਾਨਾਂ ਵਿਚ ਹਾਜ਼ਰੀ ਭਰਦਿਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ।ਜਥੇਦਾਰ ਗਿ: ਹਰਪ੍ਰੀਤ ਸਿੰਘ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।
ਸਵੇਰੇ ਕਰੀਬ 9 ਵਜੇ ਤਖ਼ਤ ਸਾਹਿਬ ਦੇ ਗੁ: ਦਮਦਮਾ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਜਥੇਦਾਰ ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਨੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ।ਸਮਾਗਮ ਦੌਰਾਨ ਬਾਬਾ ਜੀਵਾ ਸਿੰਘ ਤੇ ਗਿਆਨੀ ਜੁਗਰਾਜ ਸਿੰਘ ਨੇ ਕਥਾ ਵੀਚਾਰ ਕੀਤੀ।
ਇਸ ਮੌਕੇ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ, ਸੰਤ ਬਾਬਾ ਦਰਸ਼ਨ ਸਿੰਘ ਮਾਲੋਕਾ ਫਤਾ, ਮੈਨੇਜਰ ਸ: ਪਰਮਜੀਤ ਸਿੰਘ, ਸ਼਼੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ, ਗਿਆਨੀ ਬਲਵਿੰਦਰ ਸਿੰਘ ਜਨਮ ਅਸਥਾਨ ਰੋਡੇ, ਗਿਆਨੀ ਹਰਪ੍ਰੀਤ ਸਿੰਘ ਜੋਗੇ ਵਾਲਾ, ਸਰਪੰਚ ਅਮਰ ਸਿੰਘ ਫਿਰੋਜਪੁਰ, ਭਾਈ ਗੁਰਮੀਤ ਸਿੰਘ ਕਬਰ ਵਾਲਾ, ਬਾਬਾ ਜੱਜ ਸਿੰਘ ਜਲਾਲਾਬਾਦ, ਜਥੇਦਾਰ ਬਾਬਾ ਜਸਪਾਲ ਸਿੰਘ ਝੋਕ, ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ, ਗਿ: ਕੌਰ ਸਿੰਘ ਫਤਾਮਲਕਾ, ਜਥੇ: ਬਾਬਾ ਕਸ਼ਮੀਰ ਸਿੰਘ ਵੱਲੋਂ ਬਾਬਾ ਸੁਖਦੇਵ ਸਿੰਘ ਝੀਤਾ ਕਾਰਸੇਵਾ ਭੁਰੀ ਵਾਲੇ, ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ ਤੋਂ ਇਲਾਵਾ ਕਈ ਧਾਰਮਿਕ ਸ਼ਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media