Thursday, August 20, 2026

ਹਸਪਤਾਲ ‘ਚ ਦਾਖਲ ਮਰੀਜ਼ਾਂ ਦੀ ਸਹੂਲਤ ਲਈ ਵੀ ਟੈਲੀਕਾਨਫਰੰਸ ਤੇ ਪਲਾਜ਼ਮਾਂ ਬੈਂਕ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵਲੋਂ ਪਲਾਜ਼ਮਾ ਦਾਨ ਵਾਲੇ ਵਿਅਕਤੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਲਾਜ਼ਮਾਬੈਂਕ ਅਤੇ ਟੈਲੀਕਾਨਫਰੰਸ ਸੇਵਾ ਦਾ ਉਦਘਾਟਨ ਕੀਤਾ, ਜਿੱਥੇ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਲੈ ਕੇ ਗੰਭੀਰ ਰੋਗੀਆਂ ਦਾ ਇਲਾਜ ਕੀਤਾ ਜਾ ਸਕੇਗਾ।ਉਨਾਂ ਕੋਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ, ਜਿੰਨਾਂ ਨੇ ਪਲਾਜ਼ਮਾ ਦਾਨ ਕੀਤਾ ਹੈ, ਨੂੰ ਸਨਮਾਨਿਤ ਵੀ ਕੀਤਾ।ਖਹਿਰਾ ਨੇ ਕੋਰੋਨਾ ਤੋਂ ਠੀਕ ਹੋਏ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਜ਼ਮਾ ਬੈਂਕ ਵਿਚ ਆਪਣਾ ਪਲਾਜ਼ਮਾ ਦਾਨ ਕਰਨ, ਤਾਂ ਜੋ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਜਾਨ ਬਚਾਈ ਜਾ ਸਕੇ।
               ਖਹਿਰਾ ਨੇ ਹਸਪਤਾਲ ਵਿੱਚ ਦਾਖਲ ਕੋਵਿਡ-19 ਦੇ ਮਰੀਜਾਂ ਲਈ ਟੈਲੀਕਾਨਫਰੰਸ ਸੇਵਾ ਦੀ ਸ਼ੁਰੂਆਤ ਵੀ ਕੀਤੀ, ਜਿਸ ਸਦਕਾ ਜਿਥੇ ਹਸਪਤਾਲ ਵਿਚ ਦਾਖਲ ਰੋਗੀ ਆਪਣੇ ਪਰਿਵਾਰ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰ ਸਕਣਗੇ, ਉਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ, ਜਿਸ ਵਿਚ ਮਾਨਸਿਕ ਬਿਮਾਰੀਆਂ ਦੇ ਡਾਕਟਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹਨ, ਵੀ ਕੋਵਿਡ-19 ਦੇ ਮਰੀਜਾਂ ਦੀ ਕੌਂਸਲਿੰਗ ਕਰਕੇ ਉਨਾਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰ ਸਕਣਗੇ।
ਖਹਿਰਾ ਨੇ ਕਿਹਾ ਕਿ ਜਿਲੇ ਵਿਚ ਕੋਰੋਨਾ ਦੇ ਮਰੀਜ਼ ਲਗਾਤਾਰ ਆ ਰਹੇ ਹਨ, ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਜਿਲਾ ਵਾਸੀ ਕਿਤੇ ਨਾ ਕਿਤੇ ਲਾਪਰਵਾਹੀ ਕਰ ਰਹੇ ਹਨ।ਉਨਾਂ ਕਿਹਾ ਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਅੱਗੇ ਕਈ ਵਿਅਕਤੀਆਂ ਤੱਕ ਫੈਲ ਜਾਂਦੀ ਹੈ, ਇਸ ਲਈ ਜਰੂਰੀ ਹੈ ਕਿ ਅਸੀਂ ਹਰੇਕ ਥਾਂ ਆਪਸੀ ਦੂਰੀ, ਮਾਸਕ, ਹੱਥ ਧੋਣ ਵਰਗੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੀਏ, ਤਾਂ ਜੋ ਅਸੀਂ ਅਤੇ ਸਾਡਾ ਪਰਿਵਾਰ ਕੋਰੋਨਾ ਤੋਂ ਬਚਿਆ ਰਿਹਾ।
                ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੋਈ ਲੱਛਣ ਵਿਖਾਈ ਦਿੰਦੇ ਹਨ ਤਾਂ ਉਹ ਆਪਣੇ ਕੋਵਿਡ ਟੈਸਟ ਕਰਵਾਉਣ ਲਈ ਜੇਕਰ ਹਸਪਤਾਲ ਨਹੀਂ ਆ ਸਕਦੇ ਤਾਂ ਮੋਬਾਈਲ ਵੈਨ, ਜੋ ਕਿ ਉਨਾਂ ਦੇ ਇਲਾਕੇ ਵਿਚ ਜਾਂਦੀ ਹੈ, ਤਾਂ ਆਪਣੇ ਨਮੂਨੇ ਜਰੂਰ ਦੇਣ, ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ਼ ਕੀਤਾ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਪ੍ਰਿੰਸੀਪਲ ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਰਮਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …